ਨਵੀਂ ਦਿੱਲੀ :- ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪੀ.ਟੀ. ਉਸ਼ਾ ਲਈ ਸ਼ੁੱਕਰਵਾਰ ਦਾ ਦਿਨ ਗਹਿਰੇ ਦੁੱਖ ਦੀ ਖ਼ਬਰ ਲੈ ਕੇ ਆਇਆ। ਉਨ੍ਹਾਂ ਦੇ ਪਤੀ ਵੀ. ਸ਼੍ਰੀਨਿਵਾਸਨ ਦਾ ਅੱਜ ਤੜਕੇ ਅਕਾਲ ਦੇਹਾਂਤ ਹੋ ਗਿਆ। ਉਹ 67 ਸਾਲਾਂ ਦੇ ਸਨ। ਪਰਿਵਾਰਕ ਸੂਤਰਾਂ ਮੁਤਾਬਕ ਸਵੇਰੇ ਆਪਣੇ ਘਰ ‘ਤੇ ਹੀ ਅਚਾਨਕ ਉਹ ਬੇਹੋਸ਼ ਹੋ ਗਏ ਸਨ।
ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਨਾ ਬਚ ਸਕੀ ਜਾਨ
ਪਰਿਵਾਰ ਵੱਲੋਂ ਤੁਰੰਤ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਕਾਫ਼ੀ ਕੋਸ਼ਿਸ਼ਾਂ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਦੇਹਾਂਤ ਦੀ ਪੁਸ਼ਟੀ ਹੋਣ ਤੋਂ ਬਾਅਦ ਪਰਿਵਾਰ ‘ਚ ਸੋਗ ਦਾ ਮਾਹੌਲ ਬਣ ਗਿਆ।
ਕੇਂਦਰੀ ਸਰਕਾਰੀ ਸੇਵਾ ਨਾਲ ਜੁੜਿਆ ਰਿਹਾ ਜੀਵਨ
ਵੀ. ਸ਼੍ਰੀਨਿਵਾਸਨ ਇੱਕ ਸਾਬਕਾ ਕੇਂਦਰੀ ਸਰਕਾਰੀ ਕਰਮਚਾਰੀ ਰਹੇ ਹਨ। ਉਹ ਸਾਦਗੀਪੂਰਨ ਜੀਵਨ ਜੀਊਣ ਵਾਲੇ ਵਿਅਕਤੀ ਵਜੋਂ ਜਾਣੇ ਜਾਂਦੇ ਸਨ ਅਤੇ ਪਰਿਵਾਰਕ ਜੀਵਨ ਤੋਂ ਦੂਰ ਕਦੇ ਵੀ ਚਰਚਾ ‘ਚ ਨਹੀਂ ਰਹੇ।
ਪੀ.ਟੀ. ਉਸ਼ਾ ਦੇ ਹਰ ਸਫ਼ਰ ‘ਚ ਬਣੇ ਮਜ਼ਬੂਤ ਸਹਾਰਾ
ਖੇਡਾਂ ਤੋਂ ਲੈ ਕੇ ਰਾਜਨੀਤੀ ਤੱਕ ਪੀ.ਟੀ. ਉਸ਼ਾ ਦੇ ਲੰਮੇ ਸਫ਼ਰ ਦੌਰਾਨ ਵੀ. ਸ਼੍ਰੀਨਿਵਾਸਨ ਹਮੇਸ਼ਾ ਉਨ੍ਹਾਂ ਦੇ ਨਾਲ ਡੱਟ ਕੇ ਖੜ੍ਹੇ ਰਹੇ। ਉਸ਼ਾ ਦੀਆਂ ਕਈ ਵੱਡੀਆਂ ਉਪਲਬਧੀਆਂ ਪਿੱਛੇ ਉਨ੍ਹਾਂ ਦਾ ਮਾਨਸਿਕ ਸਮਰਥਨ ਅਤੇ ਹੌਸਲਾ ਇੱਕ ਅਹਿਮ ਭੂਮਿਕਾ ਵਜੋਂ ਵੇਖਿਆ ਜਾਂਦਾ ਰਿਹਾ।
ਇੱਕ ਪੁੱਤਰ ਉੱਜਵਲ ਛੱਡ ਗਏ ਪਿੱਛੇ
ਵੀ. ਸ਼੍ਰੀਨਿਵਾਸਨ ਆਪਣੇ ਪਿੱਛੇ ਪਤਨੀ ਪੀ.ਟੀ. ਉਸ਼ਾ ਅਤੇ ਪੁੱਤਰ ਉੱਜਵਲ ਨੂੰ ਛੱਡ ਗਏ ਹਨ। ਪਰਿਵਾਰ ਲਈ ਇਹ ਘਾਟ ਕਦੇ ਨਾ ਪੂਰੀ ਹੋਣ ਵਾਲੀ ਮੰਨੀ ਜਾ ਰਹੀ ਹੈ।
ਖੇਡ ਜਗਤ ਅਤੇ ਸਿਆਸੀ ਵਰਗ ‘ਚ ਸੋਗ ਦੀ ਲਹਿਰ
ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਖੇਡ ਜਗਤ, ਸਿਆਸੀ ਗਲਿਆਰਿਆਂ ਅਤੇ ਉਸ਼ਾ ਦੇ ਪ੍ਰਸ਼ੰਸਕਾਂ ਵਿੱਚ ਗਹਿਰਾ ਦੁੱਖ ਛਾ ਗਿਆ। ਕਈ ਪ੍ਰਸਿੱਧ ਖਿਡਾਰੀਆਂ, ਖੇਡ ਸੰਸਥਾਵਾਂ ਅਤੇ ਰਾਜਨੀਤਿਕ ਆਗੂਆਂ ਵੱਲੋਂ ਸ਼ੋਕ ਸੰਦੇਸ਼ ਜਾਰੀ ਕਰਕੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਜਾ ਰਹੀ ਹੈ।

