ਚੰਡੀਗੜ੍ਹ :- ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਅਰਧ-ਸਰਕਾਰੀ ਪੱਤਰ ਭੇਜ ਕੇ ਚੰਡੀਗੜ੍ਹ ਨੂੰ ਪੰਜਾਬ ਦੇ ਨਿਵਾਸੀਆਂ ਲਈ ਹਥਿਆਰ ਲਾਇਸੈਂਸ ਦੇ ਅਧਿਕਾਰ ਖੇਤਰ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ।
ਮੌਜੂਦਾ ਨਿਯਮ ਲੋਕਾਂ ਲਈ ਬਣ ਰਹੇ ਨੇ ਮੁਸ਼ਕਲ
ਸਪੀਕਰ ਸੰਧਵਾਂ ਨੇ ਆਪਣੇ ਪੱਤਰ ਵਿੱਚ ਦਰਸਾਇਆ ਕਿ ਮੌਜੂਦਾ ਅਸਲਾ ਐਕਟ ਅਨੁਸਾਰ ਜਦੋਂ ਕਿਸੇ ਪੰਜਾਬ ਵਾਸੀ ਨੂੰ ਹਥਿਆਰ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ, ਤਾਂ ਉਸ ਦਾ ਅਧਿਕਾਰ ਖੇਤਰ ਸਿਰਫ਼ ਪੰਜਾਬ ਰਾਜ ਤੱਕ ਹੀ ਸੀਮਿਤ ਰਹਿੰਦਾ ਹੈ। ਇਸ ਕਾਰਨ ਚੰਡੀਗੜ੍ਹ ਵਿੱਚ ਹਥਿਆਰ ਰੱਖਣ ਜਾਂ ਲਿਜਾਣ ਲਈ ਵੱਖਰੀ ਮਨਜ਼ੂਰੀ ਲੈਣੀ ਪੈਂਦੀ ਹੈ, ਜਿਸ ਨਾਲ ਲੋਕਾਂ ਨੂੰ ਬੇਵਜ੍ਹਾ ਕਾਰਵਾਈ, ਦੇਰੀ ਅਤੇ ਦਫ਼ਤਰੀ ਝੰਜਟ ਦਾ ਸਾਹਮਣਾ ਕਰਨਾ ਪੈਂਦਾ ਹੈ।
ਚੰਡੀਗੜ੍ਹ ਪੰਜਾਬ ਦਾ ਪ੍ਰਸ਼ਾਸਕੀ ਕੇਂਦਰ
ਉਨ੍ਹਾਂ ਲਿਖਿਆ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੋਣ ਦੇ ਨਾਲ-ਨਾਲ ਸੂਬੇ ਦਾ ਪ੍ਰਸ਼ਾਸਕੀ ਕੇਂਦਰ ਵੀ ਹੈ। ਪੰਜਾਬ ਦੇ ਹਜ਼ਾਰਾਂ ਨਿਵਾਸੀ ਚੰਡੀਗੜ੍ਹ ਵਿੱਚ ਵਸਦੇ ਹਨ ਜਾਂ ਰੋਜ਼ਾਨਾ ਸਰਕਾਰੀ, ਅਦਾਲਤੀ ਤੇ ਨਿੱਜੀ ਕੰਮਾਂ ਲਈ ਇੱਥੇ ਆਉਣ-ਜਾਣ ਕਰਦੇ ਰਹਿੰਦੇ ਹਨ।
ਲਾਇਸੈਂਸ ਜਾਰੀ ਕਰਦੇ ਸਮੇਂ ਚੰਡੀਗੜ੍ਹ ਖੁਦ ਸ਼ਾਮਲ ਹੋਵੇ
ਸਪੀਕਰ ਸੰਧਵਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜਦੋਂ ਪੰਜਾਬ ਦੇ ਨਿਵਾਸੀਆਂ ਨੂੰ ਹਥਿਆਰ ਲਾਇਸੈਂਸ ਦਿੱਤਾ ਜਾਂਦਾ ਹੈ, ਤਾਂ ਉਸ ਵਿੱਚ ਚੰਡੀਗੜ੍ਹ ਨੂੰ ਵੀ ਆਪਣੇ ਆਪ ਅਧਿਕਾਰ ਖੇਤਰ ਵਿੱਚ ਸ਼ਾਮਲ ਕਰਨਾ ਪੂਰੀ ਤਰ੍ਹਾਂ ਤਰਕਸੰਗਤ ਅਤੇ ਵਿਹਾਰਕ ਫ਼ੈਸਲਾ ਹੋਵੇਗਾ। ਇਸ ਨਾਲ ਨਾ ਸਿਰਫ਼ ਆਮ ਲੋਕਾਂ ਨੂੰ ਸੁਵਿਧਾ ਮਿਲੇਗੀ, ਸਗੋਂ ਪ੍ਰਸ਼ਾਸਨਿਕ ਪ੍ਰਕਿਰਿਆ ਵੀ ਕਾਫ਼ੀ ਹੱਦ ਤੱਕ ਆਸਾਨ ਹੋ ਜਾਵੇਗੀ।
ਅਸਲਾ ਐਕਟ ’ਚ ਸੋਧ ਦੀ ਮੰਗ
ਸਪੀਕਰ ਨੇ ਆਪਣੇ ਪੱਤਰ ਰਾਹੀਂ ਅਸਲਾ ਐਕਟ ਤਹਿਤ ਕੁਝ ਨਿਯਮਾਂ ਵਿੱਚ ਜ਼ਰੂਰੀ ਸੋਧ ਕਰਨ ਦੀ ਲੋੜ ਉੱਤੇ ਵੀ ਧਿਆਨ ਦਿਵਾਇਆ ਅਤੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇਹ ਤਬਦੀਲੀ ਸਮੇਂ ਦੀ ਮੰਗ ਬਣ ਚੁੱਕੀ ਹੈ।
ਕੇਂਦਰ ਤੋਂ ਤੁਰੰਤ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਅਪੀਲ
ਅਖੀਰ ਵਿੱਚ ਸ. ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਮਰ ਬੇਨਤੀ ਕਰਦਿਆਂ ਕਿਹਾ ਕਿ ਇਸ ਮਸਲੇ ਸਬੰਧੀ ਸਬੰਧਤ ਵਿਭਾਗਾਂ ਨੂੰ ਯੋਗ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਨਿਯਮਾਂ ਵਿੱਚ ਲੋੜੀਂਦੀ ਸੋਧ ਯਕੀਨੀ ਬਣਾਈ ਜਾਵੇ, ਤਾਂ ਜੋ ਪੰਜਾਬ ਦੇ ਨਿਵਾਸੀਆਂ ਨੂੰ ਬੇਲੋੜੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ।

