ਲੁਧਿਆਣਾ :- ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਜੈਯੰਤੀ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ ਦਿਵਾਉਣ ਲਈ ਕੇਂਦਰ ਸਰਕਾਰ ਅੱਗੇ ਮਜ਼ਬੂਤ ਮੰਗ ਰੱਖੀ ਹੈ। ਉਨ੍ਹਾਂ ਸ੍ਰੀ ਗੁਰੂ ਰਵਿਦਾਸ ਜੈਯੰਤੀ ਮੌਕੇ ਦੇਸ਼ ਭਰ ਵਿੱਚ ਸਰਕਾਰੀ ਛੁੱਟੀ ਐਲਾਨ ਕਰਨ ਦੀ ਅਪੀਲ ਕੀਤੀ ਹੈ।
ਜ਼ੀਰੋ ਆਵਰ ’ਚ ਮਸਲਾ ਚੁੱਕਣ ਲਈ ਸਮਾਂ ਮੰਗਿਆ
ਰਾਜਾ ਵੜਿੰਗ ਨੇ ਲੋਕ ਸਭਾ ਦੇ ਜਨਰਲ ਸਕੱਤਰ ਨੂੰ ਅਧਿਕਾਰਕ ਪੱਤਰ ਭੇਜ ਕੇ ਜ਼ੀਰੋ ਆਵਰ ਦੌਰਾਨ ਇਸ ਮਸਲੇ ’ਤੇ ਬੋਲਣ ਲਈ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸੰਸਦ ਦੇ ਮੰਚ ਤੋਂ ਕੇਂਦਰ ਸਰਕਾਰ ਨੂੰ ਅਪੀਲ ਕਰਨਗੇ ਕਿ 1 ਫ਼ਰਵਰੀ ਨੂੰ ਗੁਰੂ ਰਵਿਦਾਸ ਜੈਯੰਤੀ ਮੌਕੇ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ ਜਾਵੇ।
ਬਜਟ ਪੇਸ਼ੀ ਇਕ ਦਿਨ ਅੱਗੇ ਕਰਨ ਦੀ ਵੀ ਅਪੀਲ
ਕਾਂਗਰਸ ਪ੍ਰਧਾਨ ਨੇ ਇਹ ਵੀ ਮੰਗ ਚੁੱਕੀ ਹੈ ਕਿ 1 ਫ਼ਰਵਰੀ ਨੂੰ ਪੇਸ਼ ਹੋਣ ਵਾਲਾ ਕੇਂਦਰੀ ਬਜਟ ਇਕ ਦਿਨ ਲਈ ਅੱਗੇ ਪਾਇਆ ਜਾਵੇ। ਉਨ੍ਹਾਂ ਦਲੀਲ ਦਿੱਤੀ ਕਿ ਇਸ ਨਾਲ ਸੰਸਦ ਦੇ ਕੰਮਕਾਜ ’ਤੇ ਕੋਈ ਅਸਰ ਨਹੀਂ ਪਵੇਗਾ, ਪਰ ਲੱਖਾਂ ਸ਼ਰਧਾਲੂਆਂ ਦੀ ਭਾਵਨਾ ਨੂੰ ਵੱਡਾ ਸਨਮਾਨ ਮਿਲੇਗਾ।
ਦੇਸ਼ ਪੱਧਰ ’ਤੇ ਮਿਲੇ ਯੋਗ ਸਨਮਾਨ: ਵੜਿੰਗ
ਰਾਜਾ ਵੜਿੰਗ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਸਿੱਖਿਆ ਸਮਾਨਤਾ, ਭਾਈਚਾਰੇ ਅਤੇ ਮਨੁੱਖੀ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਅਨੁਸਾਰ ਗੁਰੂ ਰਵਿਦਾਸ ਜੀ ਦੀ ਜੈਯੰਤੀ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ ਮਿਲਣੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਦੇ ਸੰਦੇਸ਼ ਨੂੰ ਹਰ ਵਰਗ ਤੱਕ ਪਹੁੰਚਾਇਆ ਜਾ ਸਕੇ।
ਸੰਸਦ ਮੈਂਬਰ ਵੀ ਮਨਾਉਣਾ ਚਾਹੁੰਦੇ ਹਨ ਜੈਯੰਤੀ
ਉਨ੍ਹਾਂ ਕਿਹਾ ਕਿ ਕਈ ਸੰਸਦ ਮੈਂਬਰ ਆਪਣੇ ਆਪਣੇ ਖੇਤਰਾਂ ਵਿੱਚ ਲੋਕਾਂ ਨਾਲ ਮਿਲ ਕੇ ਗੁਰੂ ਰਵਿਦਾਸ ਜੈਯੰਤੀ ਮਨਾਉਣਾ ਚਾਹੁੰਦੇ ਹਨ। ਇਸ ਕਾਰਨ ਬਜਟ ਸੈਸ਼ਨ ਨੂੰ ਉਸ ਦਿਨ ਲਈ ਮੁਲਤਵੀ ਕਰਨਾ ਦੇਸ਼ ਦੀ ਏਕਤਾ ਅਤੇ ਆਪਸੀ ਸਦਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ।
ਸਨਮਾਨ ਨਾਲ ਜੁੜੇਗਾ ਦੇਸ਼: ਵੜਿੰਗ
ਰਾਜਾ ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਫੈਸਲਾ ਸਿਰਫ਼ ਇਕ ਛੁੱਟੀ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਨੂੰ ਸਨਮਾਨ ਦੇ ਕੇ ਦੇਸ਼ ਨੂੰ ਜੋੜਨ ਵਾਲਾ ਕਦਮ ਸਾਬਤ ਹੋਵੇਗਾ।

