ਚੰਡੀਗੜ੍ਹ :- ਸੈਕਟਰ-1 ਸਥਿਤ ਪੰਜਾਬ ਸਿਵਲ ਸਕੱਤਰੇਤ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਧਮਕੀ ਦੀ ਜਾਣਕਾਰੀ ਮਿਲਦੇ ਹੀ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ ਅਤੇ ਸਿਵਲ ਸਕੱਤਰੇਤ ਦੇ ਪੂਰੇ ਅਹਾਤੇ ਨੂੰ ਖਾਲੀ ਕਰਵਾ ਦਿੱਤਾ ਗਿਆ।
ਸਵੇਰੇ ਦਫ਼ਤਰ ਪਹੁੰਚੇ ਕਰਮਚਾਰੀਆਂ ਨੂੰ ਤੁਰੰਤ ਬਾਹਰ ਕੱਢਿਆ
ਸਵੇਰੇ ਕਰੀਬ 9 ਵਜੇ ਆਪਣੇ ਦਫ਼ਤਰੀ ਕੰਮ ਲਈ ਪਹੁੰਚੇ ਆਈਏਐਸ ਅਧਿਕਾਰੀਆਂ, ਮੁਲਾਜ਼ਮਾਂ ਅਤੇ ਕਰਮਚਾਰੀਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਤੁਰੰਤ ਬਾਹਰ ਕੱਢ ਦਿੱਤਾ ਗਿਆ। ਕਿਸੇ ਵੀ ਸੰਭਾਵਿਤ ਖ਼ਤਰੇ ਤੋਂ ਬਚਾਅ ਲਈ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ।
ਸੀ.ਆਰ.ਪੀ.ਐਫ਼. ਵੱਲੋਂ ਸਿਵਲ ਸਕੱਤਰੇਤ ਦੀ ਘੇਰਾਬੰਦੀ
ਧਮਕੀ ਮਿਲਣ ਤੋਂ ਬਾਅਦ ਸੀ.ਆਰ.ਪੀ.ਐਫ਼. ਦੇ ਜਵਾਨਾਂ ਨੇ ਸਕੱਤਰੇਤ ਦੇ ਚਾਰੋਂ ਪਾਸੇ ਮੋਰਚਾ ਸੰਭਾਲ ਲਿਆ। ਮੁੱਖ ਦਾਖ਼ਲਾ ਦਰਵਾਜ਼ਿਆਂ ’ਤੇ ਸਖ਼ਤ ਪਹਿਰਾ ਲਗਾਇਆ ਗਿਆ ਅਤੇ ਆਮ ਲੋਕਾਂ ਦੀ ਆਵਾਜਾਈ ’ਤੇ ਤੁਰੰਤ ਰੋਕ ਲਗਾ ਦਿੱਤੀ ਗਈ।
ਬੰਬ ਸਕੂਏਡ ਅਤੇ ਸੁਰੱਖਿਆ ਏਜੰਸੀਆਂ ਤਾਇਨਾਤ
ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਬੰਬ ਸਕੂਏਡ ਟੀਮਾਂ ਨੂੰ ਮੌਕੇ ’ਤੇ ਬੁਲਾਇਆ ਗਿਆ। ਸਕੱਤਰੇਤ ਦੇ ਹਰ ਫਲੋਰ, ਦਫ਼ਤਰ, ਕੌਰੀਡੋਰ ਅਤੇ ਪਾਰਕਿੰਗ ਏਰੀਆ ਦੀ ਬਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਕਿਸੇ ਵੀ ਸ਼ੱਕੀ ਵਸਤੂ ਨੂੰ ਲੈ ਕੇ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ।
ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਛੁੱਟੀ
ਪੰਜਾਬ ਸਿਵਲ ਸਕੱਤਰੇਤ ਦੇ ਪ੍ਰਬੰਧਕੀ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਬੰਬ ਧਮਕੀ ਦੇ ਚੱਲਦਿਆਂ ਅੱਜ ਲਈ ਸਾਰੇ ਅਧਿਕਾਰੀਆਂ, ਮੁਲਾਜ਼ਮਾਂ ਅਤੇ ਕਰਮਚਾਰੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਅਗਲੇ ਹੁਕਮਾਂ ਤੱਕ ਕਿਸੇ ਨੂੰ ਵੀ ਦਫ਼ਤਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਈਮੇਲ ਦੀ ਜਾਂਚ ’ਚ ਜੁਟੀਆਂ ਜਾਂਚ ਏਜੰਸੀਆਂ
ਧਮਕੀ ਭੇਜਣ ਵਾਲੀ ਈਮੇਲ ਦੀ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਇਬਰ ਸੈੱਲ ਵੱਲੋਂ ਈਮੇਲ ਦੀ ਆਈਪੀ ਐਡਰੈੱਸ, ਸਰਵਰ ਲੋਕੇਸ਼ਨ ਅਤੇ ਭੇਜਣ ਵਾਲੇ ਦੇ ਸਰਾਗ ਖੰਗਾਲੇ ਜਾ ਰਹੇ ਹਨ।
ਹਾਲਾਤ ਪੂਰੀ ਤਰ੍ਹਾਂ ਸੁਰੱਖਿਆ ਏਜੰਸੀਆਂ ਦੇ ਕਾਬੂ ’ਚ
ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਹੁਣ ਤੱਕ ਕਿਸੇ ਵੀ ਸ਼ੱਕੀ ਸਮੱਗਰੀ ਦੀ ਪੁਸ਼ਟੀ ਨਹੀਂ ਹੋਈ। ਤਲਾਸ਼ੀ ਮੁਕੰਮਲ ਹੋਣ ਤੋਂ ਬਾਅਦ ਹੀ ਅਗਲੇ ਕਦਮ ਬਾਰੇ ਫੈਸਲਾ ਲਿਆ ਜਾਵੇਗਾ।
ਸਿਵਲ ਸਕੱਤਰੇਤ ਨੂੰ ਮਿਲੀ ਇਸ ਧਮਕੀ ਨੇ ਇੱਕ ਵਾਰ ਫਿਰ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।

