ਅਮਰੀਕਾ :- ਅਮਰੀਕਾ ਦੇ ਪੂਰਬੀ ਹਿੱਸੇ ਵਿੱਚ ਕੁਦਰਤ ਨੇ ਭਿਆਨਕ ਰੂਪ ਧਾਰ ਲਿਆ ਹੈ। ਲਗਾਤਾਰ ਆ ਰਹੇ ਬਰਫ਼ੀਲੇ ਤੂਫ਼ਾਨ ਅਤੇ ਅਸਹਿਨਸ਼ੀਲ ਠੰਢ ਕਾਰਨ ਹੁਣ ਤੱਕ 50 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਠੰਢੀ ਲਹਿਰ ਪਿਛਲੇ ਕਈ ਦਹਾਕਿਆਂ ਵਿੱਚ ਸਭ ਤੋਂ ਲੰਬੀ ਅਤੇ ਖ਼ਤਰਨਾਕ ਸਾਬਤ ਹੋ ਸਕਦੀ ਹੈ।
ਟੈਕਸਾਸ ’ਚ ਤਿੰਨ ਮਾਸੂਮ ਭਰਾਵਾਂ ਦੀ ਦਰਦਨਾਕ ਮੌਤ
ਠੰਢ ਦੇ ਇਸ ਕਹਿਰ ਵਿਚ ਟੈਕਸਾਸ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਜਮੀ ਹੋਈ ਝੀਲ ਦੀ ਸਤ੍ਹਾ ਅਚਾਨਕ ਟੁੱਟ ਗਈ, ਜਿਸ ਕਾਰਨ 6, 8 ਅਤੇ 9 ਸਾਲ ਦੇ ਤਿੰਨ ਸਕੇ ਭਰਾ ਬਰਫ਼ੀਲੇ ਪਾਣੀ ਵਿੱਚ ਡੁੱਬ ਗਏ। ਬਚਾਅ ਟੀਮਾਂ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਇਸੇ ਤਰ੍ਹਾਂ ਵਰਜੀਨੀਆ ਸੂਬੇ ਵਿੱਚ ਵੀ ਇੱਕ ਬੱਚੇ ਦੀ ਤਾਲਾਬ ਵਿੱਚ ਡਿੱਗਣ ਨਾਲ ਜਾਨ ਚਲੇ ਜਾਣ ਦੀ ਪੁਸ਼ਟੀ ਹੋਈ ਹੈ।
ਹਾਈਵੇਅ ਬਰਫ਼ ਦੀ ਚਾਦਰ ਹੇਠ, ਸੈਂਕੜੇ ਵਾਹਨ ਫਸੇ
ਮਿਸਿਸਿਪੀ ਸੂਬੇ ਵਿੱਚ ਭਾਰੀ ਬਰਫ਼ਬਾਰੀ ਨੇ ਆਵਾਜਾਈ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ। ਇੰਟਰਸਟੇਟ–55 ਹਾਈਵੇਅ ਬਰਫ਼ ਦੀ ਮੋਟੀ ਪਰਤ ਨਾਲ ਢੱਕ ਗਿਆ, ਜਿਸ ਕਾਰਨ ਸੈਂਕੜੇ ਵਾਹਨ ਘੰਟਿਆਂ ਤੱਕ ਰਸਤੇ ਵਿੱਚ ਹੀ ਫਸੇ ਰਹੇ। ਗਵਰਨਰ ਟੇਟ ਰੀਵਜ਼ ਮੁਤਾਬਕ ਫਸੇ ਲੋਕਾਂ ਤੱਕ ਮਦਦ ਪਹੁੰਚਾਉਣ ਲਈ ਟੋ–ਟ੍ਰੱਕਾਂ ਅਤੇ ਡਰੋਨ ਤਾਇਨਾਤ ਕੀਤੇ ਗਏ ਹਨ।
ਲੱਖਾਂ ਘਰ ਹਨੇਰੇ ’ਚ, ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ
ਕੜਾਕੇ ਦੀ ਠੰਢ ਕਾਰਨ ਮਿਸਿਸਿਪੀ ਅਤੇ ਟੈਨਿਸੀ ਵਿੱਚ ਬਿਜਲੀ ਪ੍ਰਣਾਲੀ ਵੀ ਡਿੱਗ ਗਈ ਹੈ। ਦੋਵੇਂ ਰਾਜਾਂ ਵਿੱਚ ਕਰੀਬ 3.8 ਲੱਖ ਘਰ ਅਤੇ ਵਪਾਰਕ ਸਥਾਨ ਬਿਜਲੀ ਤੋਂ ਵੰਜੇ ਹੋ ਗਏ ਹਨ। ਨੈਸ਼ਵਿਲ ਸ਼ਹਿਰ ਵਿੱਚ ਤਾਪਮਾਨ ਮਾਈਨਸ 10 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ।
ਜ਼ਹਿਰੀਲੀ ਗੈਸ ਬਣੀ ਨਵੀਂ ਮੁਸੀਬਤ
ਬਿਜਲੀ ਨਾ ਹੋਣ ਕਾਰਨ ਲੋਕ ਘਰ ਗਰਮ ਕਰਨ ਲਈ ਜਨਰੇਟਰਾਂ ਅਤੇ ਗੈਸ ਹੀਟਰਾਂ ਦਾ ਸਹਾਰਾ ਲੈ ਰਹੇ ਹਨ। ਇਸ ਨਾਲ ਕਾਰਬਨ ਮੋਨੋਆਕਸਾਈਡ ਗੈਸ ਫੈਲਣ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਨੈਸ਼ਵਿਲ ਦੇ ਇੱਕ ਹਸਪਤਾਲ ਵਿੱਚ ਹੁਣ ਤੱਕ 48 ਬੱਚਿਆਂ ਨੂੰ ਇਸ ਜ਼ਹਿਰੀਲੀ ਗੈਸ ਦੇ ਪ੍ਰਭਾਵ ਕਾਰਨ ਦਾਖ਼ਲ ਕਰਵਾਇਆ ਗਿਆ ਹੈ।
ਹੋਰ ਭਿਆਨਕ ਹੋ ਸਕਦੇ ਹਨ ਆਉਣ ਵਾਲੇ ਦਿਨ
ਅਮਰੀਕੀ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਆਉਣ ਵਾਲੇ ਵੀਕੈਂਡ ਦੌਰਾਨ ਆਰਕਟਿਕ ਖੇਤਰ ਤੋਂ ਆ ਰਹੀਆਂ ਬਰਫ਼ੀਲੀਆਂ ਹਵਾਵਾਂ ਦੇਸ਼ ਦੇ ਵੱਡੇ ਹਿੱਸੇ ਨੂੰ ਆਪਣੀ ਚਪੇਟ ਵਿੱਚ ਲੈ ਲੈਣਗੀਆਂ। ਇਸ ਵਾਰ ਠੰਢ ਦਾ ਅਸਰ ਦੱਖਣੀ ਰਾਜ ਫਲੋਰਿਡਾ ਦੇ ਮਿਆਮੀ ਤੱਕ ਮਹਿਸੂਸ ਕੀਤਾ ਜਾ ਸਕਦਾ ਹੈ। ਕਈ ਸੂਬਿਆਂ ਵਿੱਚ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਵੀ ਜਤਾਈ ਗਈ ਹੈ।
ਪ੍ਰਸ਼ਾਸਨ ਵੱਲੋਂ ਸਖ਼ਤ ਅਪੀਲ
ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਬਿਨਾਂ ਲੋੜ ਘਰਾਂ ਤੋਂ ਬਾਹਰ ਨਾ ਨਿਕਲਣ, ਸਫ਼ਰ ਤੋਂ ਪਰਹੇਜ਼ ਕਰਨ ਅਤੇ ਹੀਟਰਾਂ ਦੀ ਵਰਤੋਂ ਦੌਰਾਨ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਅਮਰੀਕਾ ਇਸ ਵੇਲੇ ਭਿਆਨਕ ਸਰਦੀ ਦੇ ਸਭ ਤੋਂ ਖ਼ਤਰਨਾਕ ਦੌਰ ਵਿੱਚ ਦਾਖ਼ਲ ਹੋ ਚੁੱਕਾ ਹੈ।

