ਪੰਚਕੂਲਾ :- ਪੰਚਕੂਲਾ ਦੇ ਮੋਰਨੀ ਖੇਤਰ ਵਿੱਚ ਬੁੱਧਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਮੋਰਨੀ ਤੋਂ ਪੰਚਕੂਲਾ ਵੱਲ ਆ ਰਹੀ ਥਾਰ ਗੱਡੀ ਅਚਾਨਕ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਸੜਕ ਤੋਂ ਹੇਠਾਂ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ਵੇਲੇ ਗੱਡੀ ਵਿੱਚ ਚਾਰ ਵਿਅਕਤੀ ਸਵਾਰ ਸਨ।
ਤਿੰਨ ਸਵਾਰ ਗੰਭੀਰ ਜ਼ਖ਼ਮੀ
ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਅਤੇ ਬਚਾਅ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਖੱਡ ਵਿੱਚੋਂ ਕੱਢ ਕੇ ਪੰਚਕੂਲਾ ਦੇ ਸੈਕਟਰ–6 ਸਥਿਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਪੁਲਿਸ ਵੱਲੋਂ ਜਾਂਚ ਸ਼ੁਰੂ
ਸੂਚਨਾ ਮਿਲਦੇ ਹੀ ਚੰਡੀਮੰਦਰ ਥਾਣੇ ਦੇ ਐਸਐਚਓ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਤੌਰ ’ਤੇ ਤੇਜ਼ ਰਫ਼ਤਾਰ ਜਾਂ ਸੜਕ ਦੀ ਹਾਲਤ ਨੂੰ ਹਾਦਸੇ ਦੀ ਵਜ੍ਹਾ ਮੰਨਿਆ ਜਾ ਰਿਹਾ ਹੈl

