ਚੰਡੀਗੜ੍ਹ :- ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਗੁਲਾਬਚੰਦ ਕਟਾਰੀਆ ਵੱਲੋਂ ਮੰਗਲਵਾਰ ਨੂੰ ਚੰਡੀਗੜ੍ਹ ਦੇ ਆਈਟੀ ਪਾਰਕ ਅਤੇ ਮੌਲੀ ਜਾਗਰਾਂ ਖੇਤਰ ਵਿੱਚ ਦੋ ਨਵੇਂ ਪੁਲਿਸ ਸਟੇਸ਼ਨਾਂ ਦੀ ਨੀਂਹ ਰੱਖੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਦੋਵੇਂ ਥਾਣਿਆਂ ਦੀ ਤਾਮੀਰ ਇੱਕ ਤੋਂ ਡੇਢ ਸਾਲ ਦੇ ਅੰਦਰ ਪੂਰੀ ਕਰ ਲਈ ਜਾਵੇਗੀ। ਗਵਰਨਰ ਨੇ ਕਿਹਾ ਕਿ ਨਵੇਂ ਪੁਲਿਸ ਸਟੇਸ਼ਨਾਂ ਦੇ ਬਣਨ ਨਾਲ ਚੰਡੀਗੜ੍ਹ ਪੁਲਿਸ ਨੂੰ ਘੱਟ ਮਨੁੱਖੀ ਬਲ ਦੇ ਬਾਵਜੂਦ ਵੀ ਪ੍ਰਭਾਵਸ਼ਾਲੀ ਢੰਗ ਨਾਲ ਕਾਨੂੰਨ-ਵਿਵਸਥਾ ਸੰਭਾਲਣ ਵਿੱਚ ਵੱਡੀ ਸਹੂਲਤ ਮਿਲੇਗੀ।
SYL ਮਸਲੇ ‘ਤੇ ਮੀਟਿੰਗ ਨੂੰ ਦੱਸਿਆ ਸਕਾਰਾਤਮਕ ਕਦਮ
ਇਸ ਦੌਰਾਨ ਗੁਲਾਬਚੰਦ ਕਟਾਰੀਆ ਨੇ ਸਤਲੁਜ–ਯਮੁਨਾ ਲਿੰਕ ਨਹਿਰ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਕਾਰ ਹੋਈ ਮੀਟਿੰਗ ‘ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਬਹੁਤ ਹੀ ਸੁਖਾਵੇਂ ਅਤੇ ਸ਼ਾਂਤ ਮਾਹੌਲ ਵਿੱਚ ਹੋਈ, ਜੋ ਦੋਵੇਂ ਰਾਜਾਂ ਲਈ ਹੌਸਲਾ ਅਫ਼ਜ਼ਾਈ ਵਾਲੀ ਗੱਲ ਹੈ।
ਗਵਰਨਰ ਨੇ ਕਿਹਾ ਕਿ ਜੇ ਕਿਸੇ ਵੀ ਵਿਵਾਦ ਦਾ ਹੱਲ ਗੱਲਬਾਤ ਰਾਹੀਂ ਨਿਕਲ ਸਕਦਾ ਹੋਵੇ ਤਾਂ ਇਸ ਤੋਂ ਵਧੀਆ ਰਾਹ ਹੋਰ ਕੋਈ ਨਹੀਂ। ਉਨ੍ਹਾਂ ਮੰਨਿਆ ਕਿ ਦੋਵੇਂ ਮੁੱਖ ਮੰਤਰੀ ਆਪਣੇ-ਆਪਣੇ ਰਾਜਾਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਫ਼ੈਸਲੇ ਲੈਂਦੇ ਹਨ, ਇਸ ਲਈ ਇਸ ਬੈਠਕ ਤੋਂ ਸਕਾਰਾਤਮਕ ਨਤੀਜੇ ਆਉਣ ਦੀ ਆਸ ਹੈ।
ਵੱਖਰੀ ਪੰਜਾਬ ਰਾਜਧਾਨੀ ਦੇ ਮਸਲੇ ‘ਤੇ ਗਵਰਨਰ ਦੀ ਸਪਸ਼ਟਤਾ
ਪੰਜਾਬ ਲਈ ਵੱਖਰੀ ਰਾਜਧਾਨੀ ਦੀ ਮੰਗ ਸਬੰਧੀ ਪੁੱਛੇ ਗਏ ਸਵਾਲ ‘ਤੇ ਗਵਰਨਰ ਕਟਾਰੀਆ ਨੇ ਸਪਸ਼ਟ ਕੀਤਾ ਕਿ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਭਾਵੇਂ ਉਹ ਪੰਜਾਬ ਦੇ ਗਵਰਨਰ ਹਨ, ਪਰ ਸੰਵਿਧਾਨਕ ਤੌਰ ‘ਤੇ ਉਹ ਸਾਰਿਆਂ ਦੇ ਗਵਰਨਰ ਹਨ।
ਉਨ੍ਹਾਂ ਦੱਸਿਆ ਕਿ ਵੱਖਰੀ ਰਾਜਧਾਨੀ ਬਣਾਉਣ ਸੰਬੰਧੀ ਫ਼ੈਸਲਾ ਉੱਚ ਪੱਧਰ ‘ਤੇ ਲਿਆ ਜਾਂਦਾ ਹੈ ਅਤੇ ਇਸ ਬਾਰੇ ਅੰਤਿਮ ਫ਼ੈਸਲਾ ਕੇਂਦਰੀ ਪੱਧਰ ਤੋਂ ਹੀ ਸੰਭਵ ਹੈ।
ਮੇਅਰ ਦੇ ਕਾਰਜਕਾਲ ਬਾਰੇ ਵੀ ਦਿੱਤਾ ਜਵਾਬ
ਚੰਡੀਗੜ੍ਹ ਦੇ ਮੇਅਰ ਦੇ ਕਾਰਜਕਾਲ ਨਾਲ ਜੁੜੇ ਮਸਲੇ ‘ਤੇ ਗਵਰਨਰ ਨੇ ਕਿਹਾ ਕਿ ਇਹ ਮਾਮਲਾ ਸੰਬੰਧਤ ਅਧਿਕਾਰੀਆਂ ਨਾਲ ਵਿਚਾਰਧੀਨ ਹੈ। ਉਨ੍ਹਾਂ ਦੱਸਿਆ ਕਿ ਗੱਲਬਾਤ ਜਾਰੀ ਹੈ ਪਰ ਇਸ ਪ੍ਰਕਿਰਿਆ ਵਿੱਚ ਕੁਝ ਸਮਾਂ ਲੱਗ ਸਕਦਾ ਹੈ।

