ਚੰਡੀਗੜ੍ਹ :- ਬਾਲੀਵੁੱਡ ਅਦਾਕਾਰਾ ਅਤੇ ਮੌਜੂਦਾ ਸੰਸਦ ਮੈਂਬਰ ਕੰਗਣਾ ਰਣੌਤ ਖ਼ਿਲਾਫ਼ ਚੱਲ ਰਹੇ ਮਾਣਹਾਨੀ ਕੇਸ ਦੀ ਮੰਗਲਵਾਰ ਨੂੰ ਬਠਿੰਡਾ ਦੀ ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ਨੇ ਮਾਮਲੇ ਦੀ ਅਗਲੀ ਤਾਰੀਖ 10 ਫਰਵਰੀ 2026 ਨਿਰਧਾਰਤ ਕਰ ਦਿੱਤੀ ਹੈ। ਇਸ ਦੌਰਾਨ ਕੰਗਣਾ ਰਣੌਤ ਨੇ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ।
ਮਾਤਾ ਮਹਿੰਦਰ ਕੌਰ ਪੱਖੋਂ ਦੋ ਗਵਾਹ ਪੇਸ਼
ਅਦਾਲਤੀ ਕਾਰਵਾਈ ਦੌਰਾਨ ਸ਼ਿਕਾਇਤਕਰਤਾ ਮਾਤਾ ਮਹਿੰਦਰ ਕੌਰ ਦੇ ਵਕੀਲ ਵੱਲੋਂ ਦੋ ਗਵਾਹਾਂ ਦੀ ਗਵਾਹੀ ਦਰਜ ਕਰਵਾਈ ਗਈ। ਗਵਾਹਾਂ ਨੇ ਅਦਾਲਤ ਅੱਗੇ ਮਾਮਲੇ ਨਾਲ ਸੰਬੰਧਿਤ ਤੱਥ ਪੇਸ਼ ਕੀਤੇ।
ਕੰਗਣਾ ਵੱਲੋਂ ਅਫੀਡੈਵਿਟ ਪੇਸ਼, ਅਦਾਲਤ ਦੇ ਹੁਕਮ ’ਤੇ ਹਾਜ਼ਰੀ ਲਈ ਤਿਆਰੀ
ਕੰਗਣਾ ਰਣੌਤ ਵੱਲੋਂ ਅਦਾਲਤ ਵਿੱਚ ਅਫੀਡੈਵਿਟ ਦੇ ਕੇ ਦੱਸਿਆ ਗਿਆ ਕਿ ਜੇਕਰ ਅਦਾਲਤ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਹਿੰਦੀ ਹੈ ਤਾਂ ਉਹ ਪੂਰੀ ਤਰ੍ਹਾਂ ਤਿਆਰ ਹਨ। ਇਸ ਮੌਕੇ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਕੰਗਣਾ ਦੇ ਵਿਦੇਸ਼ ਦੌਰੇ ਸਬੰਧੀ ਦਿੱਤਾ ਗਿਆ ਪਹਿਲਾ ਹਲਫਨਾਮਾ ਅਦਾਲਤ ਨੂੰ ਸੰਤੁਸ਼ਟ ਨਹੀਂ ਕਰ ਸਕਿਆ। ਹੁਣ ਅਦਾਲਤ ਨੇ ਅਗਲੀ ਸੁਣਵਾਈ ਤੋਂ ਪਹਿਲਾਂ ਨਵਾਂ ਹਲਫਨਾਮਾ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕੰਗਣਾ ਨੂੰ ਵਿਦੇਸ਼ ਜਾਣ ਤੋਂ ਰੋਕਣ ਅਤੇ ਪਾਸਪੋਰਟ ਅਦਾਲਤ ਵਿੱਚ ਜਮ੍ਹਾਂ ਕਰਵਾਉਣ ਦੀ ਮੰਗ ਕੀਤੀ ਗਈ ਸੀ।
ਪਿਛਲੀ ਸੁਣਵਾਈ ਦੌਰਾਨ ਮੰਗੀ ਗਈ ਸੀ ਮਾਫ਼ੀ
ਜ਼ਿਕਰਯੋਗ ਹੈ ਕਿ 27 ਅਕਤੂਬਰ ਨੂੰ ਹੋਈ ਸੁਣਵਾਈ ਸਮੇਂ ਕੰਗਣਾ ਰਣੌਤ ਖ਼ੁਦ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ ਸੀ ਅਤੇ ਬੀਬੀ ਮਹਿੰਦਰ ਕੌਰ ਤੋਂ ਮਾਫ਼ੀ ਵੀ ਮੰਗੀ ਸੀ। ਹਾਲਾਂਕਿ ਉਸ ਸਮੇਂ ਅਦਾਲਤ ਨੇ ਮਾਫ਼ੀ ਸਵੀਕਾਰ ਨਹੀਂ ਕੀਤੀ ਸੀ ਅਤੇ ਮਾਮਲੇ ਦੀ ਕਾਰਵਾਈ ਜਾਰੀ ਰੱਖਣ ਦੇ ਹੁਕਮ ਦਿੱਤੇ ਸਨ।
2021 ਦੇ ਕਿਸਾਨ ਅੰਦੋਲਨ ਨਾਲ ਜੁੜਿਆ ਹੈ ਮਾਮਲਾ
ਇਹ ਪੂਰਾ ਵਿਵਾਦ ਸਾਲ 2021 ਦੌਰਾਨ ਕਿਸਾਨ ਅੰਦੋਲਨ ਸਮੇਂ ਸ਼ੁਰੂ ਹੋਇਆ ਸੀ। ਉਸ ਵੇਲੇ ਕੰਗਣਾ ਰਣੌਤ ਨੇ ਸੋਸ਼ਲ ਮੀਡੀਆ ’ਤੇ ਇੱਕ ਟਵੀਟ ਕਰਦਿਆਂ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ 87 ਸਾਲਾ ਕਿਸਾਨ ਮਹਿਲਾ ਮਹਿੰਦਰ ਕੌਰ ਬਾਰੇ ਵਿਵਾਦਿਤ ਟਿੱਪਣੀ ਕੀਤੀ ਸੀ। ਟਵੀਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬਜ਼ੁਰਗ ਮਹਿਲਾ ਕਿਸਾਨ ਅੰਦੋਲਨ ਵਿੱਚ 100 ਰੁਪਏ ਦੇ ਬਦਲੇ ਸ਼ਾਮਲ ਹੋ ਰਹੀ ਹੈ, ਜਿਸਨੂੰ ਬਾਅਦ ਵਿੱਚ ਮਾਣਹਾਨੀ ਕਰਾਰ ਦਿੱਤਾ ਗਿਆ।
ਟਵੀਟ ਤੋਂ ਬਾਅਦ ਭੜਕਿਆ ਸੀ ਸਿਆਸੀ ਤੇ ਸਮਾਜਿਕ ਵਿਵਾਦ
ਕੰਗਣਾ ਦੀ ਟਿੱਪਣੀ ਤੋਂ ਬਾਅਦ ਦੇਸ਼ ਭਰ ਵਿੱਚ ਵਿਰੋਧ ਹੋਇਆ ਸੀ ਅਤੇ ਇਸ ਮਾਮਲੇ ਨੇ ਸਿਆਸੀ ਤੇ ਕਾਨੂੰਨੀ ਰੂਪ ਧਾਰ ਲਿਆ। ਬੀਬੀ ਮਹਿੰਦਰ ਕੌਰ ਵੱਲੋਂ ਬਠਿੰਡਾ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ, ਜੋ ਹੁਣ ਵੀ ਵਿਚਾਰ ਅਧੀਨ ਹੈ।

