ਮਾਨਸਾ :- ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਦੇ ਨੇੜੇ ਮੰਗਲਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਦੋ ਕਾਰਾਂ ਦੀ ਆਮਨੇ-ਸਾਮਨੇ ਹੋਈ ਜ਼ੋਰਦਾਰ ਟੱਕਰ ਕਾਰਨ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।
ਟੱਕਰ ਇੰਨੀ ਭਿਆਨਕ ਕਿ ਵਾਹਨ ਪੂਰੀ ਤਰ੍ਹਾਂ ਨੁਕਸਾਨੀ
ਮਿਲੀ ਜਾਣਕਾਰੀ ਅਨੁਸਾਰ ਦੋਵੇਂ ਸਵਿਫਟ ਕਾਰਾਂ ਖਿਆਲਾ ਕਲਾਂ ਪਿੰਡ ਨੇੜੇ ਅਚਾਨਕ ਆਮਨੇ-ਸਾਮਨੇ ਟਕਰਾ ਗਈਆਂ। ਟੱਕਰ ਇੰਨੀ ਤੇਜ਼ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ ਅਤੇ ਸਵਾਰੀਆਂ ਨੂੰ ਸੰਭਲਣ ਦਾ ਮੌਕਾ ਤੱਕ ਨਾ ਮਿਲ ਸਕਿਆ।
ਮ੍ਰਿਤਕਾਂ ਦੀ ਹੋਈ ਪਛਾਣ
ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ ਉਪਕਾਰ ਸਿੰਘ ਅਤੇ ਉਸ ਦੀ ਪਤਨੀ ਸੁਪਿੰਦਰ ਕੌਰ ਸ਼ਾਮਲ ਹਨ, ਜੋ ਹਰਿਆਣਾ ਦੇ ਰਤੀਆ ਸ਼ਹਿਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦੋਵੇਂ ਮਾਨਸਾ ਵੱਲ ਰਵਾਨਾ ਹੋਏ ਸਨ।
ਦੂਜੇ ਵਾਹਨ ਵਿੱਚ ਸਵਾਰ ਬਲਕਾਰ ਸਿੰਘ, ਜੋ ਪਿੰਡ ਖਿਆਲਾ ਦਾ ਨਿਵਾਸੀ ਸੀ, ਦੀ ਵੀ ਹਾਦਸੇ ਦੌਰਾਨ ਮੌਕੇ ’ਤੇ ਹੀ ਮੌਤ ਹੋ ਗਈ।
ਇੱਕ ਨੌਜਵਾਨ ਦੀ ਹਾਲਤ ਨਾਜ਼ੁਕ
ਇਸ ਹਾਦਸੇ ਵਿੱਚ ਬਲਕਾਰ ਸਿੰਘ ਦਾ ਸਾਥੀ ਅਮਨਪ੍ਰੀਤ ਸਿੰਘ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਉਸਨੂੰ ਤੁਰੰਤ ਮਾਨਸਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਡਾਕਟਰਾਂ ਨੇ ਹਾਲਤ ਨਾਜ਼ੁਕ ਦੇਖਦਿਆਂ ਉਸਨੂੰ ਉੱਚ ਇਲਾਜ ਲਈ ਬਾਹਰਲੇ ਹਸਪਤਾਲ ਰੈਫਰ ਕਰ ਦਿੱਤਾ।
ਐਸਐਮਓ ਵੱਲੋਂ ਮੌਤਾਂ ਦੀ ਪੁਸ਼ਟੀ
ਸਿਵਲ ਹਸਪਤਾਲ ਦੇ ਐਸਐਮਓ ਡਾ. ਗੁਰਮੀਤ ਗੁਰਮੇਲ ਸਿੰਘ ਨੇ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਟੱਕਰ ਬਹੁਤ ਭਿਆਨਕ ਹੋਣ ਕਾਰਨ ਤਿੰਨੇ ਵਿਅਕਤੀਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਸੀ।
ਪੁਲਿਸ ਵੱਲੋਂ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਭਿੱਖੀ ਥਾਣਾ ਪੁਲਿਸ ਮੌਕੇ ’ਤੇ ਪਹੁੰਚ ਗਈ। ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

