ਚੰਡੀਗੜ੍ਹ :- ਜੇਕਰ ਤੁਸੀਂ ਮੰਗਲਵਾਰ 27 ਜਨਵਰੀ ਨੂੰ ਕੋਈ ਅਹਿਮ ਬੈਂਕਿੰਗ ਕੰਮ ਨਿਪਟਾਉਣ ਦੀ ਯੋਜਨਾ ਬਣਾਈ ਹੋਈ ਹੈ, ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਬੈਂਕ ਕਰਮਚਾਰੀ ਯੂਨੀਅਨਾਂ ਵੱਲੋਂ ਦੇਸ਼ ਪੱਧਰੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਬੈਂਕਿੰਗ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਦੇਸ਼ ਵਿਆਪੀ ਹੜਤਾਲ ਦਾ ਐਲਾਨ
ਬੈਂਕ ਮੁਲਾਜ਼ਮ ਯੂਨੀਅਨਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸਰਕਾਰ ‘ਤੇ ਦਬਾਅ ਬਣਾਉਣ ਲਈ 27 ਜਨਵਰੀ ਨੂੰ ਦੇਸ਼ ਭਰ ਵਿੱਚ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਹੜਤਾਲ ਵਿੱਚ ਜਨਤਕ ਖੇਤਰ ਦੇ ਬੈਂਕਾਂ ਦੇ ਕਰਮਚਾਰੀ ਸ਼ਾਮਲ ਰਹਿਣਗੇ।
ਨਕਦੀ ਲੈਣ-ਦੇਣ ਤੇ ਚੈੱਕ ਕਲੀਅਰੈਂਸ ਰਹੇਗੀ ਠੱਪ
ਹੜਤਾਲ ਦੇ ਚੱਲਦਿਆਂ ਬੈਂਕਾਂ ਵਿੱਚ ਨਕਦੀ ਜਮ੍ਹਾ ਕਰਵਾਉਣ, ਪੈਸੇ ਕੱਢਣ, ਚੈੱਕ ਕਲੀਅਰੈਂਸ ਅਤੇ ਹੋਰ ਕਾਊਂਟਰ ਸੇਵਾਵਾਂ ਮੁਅੱਤਲ ਰਹਿਣ ਦੀ ਸੰਭਾਵਨਾ ਹੈ। ਗਾਹਕਾਂ ਨੂੰ ਰੋਜ਼ਾਨਾ ਦੇ ਵਿੱਤੀ ਕੰਮਾਂ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਚਾਰ ਦਿਨ ਲਗਾਤਾਰ ਬੈਂਕ ਪ੍ਰਭਾਵਿਤ
ਜ਼ਿਕਰਯੋਗ ਹੈ ਕਿ 23 ਜਨਵਰੀ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਰਹੇ। ਇਸ ਤੋਂ ਬਾਅਦ 25 ਜਨਵਰੀ ਨੂੰ ਐਤਵਾਰ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਸਰਕਾਰੀ ਛੁੱਟੀ ਰਹੀ। ਹੁਣ 27 ਜਨਵਰੀ ਨੂੰ ਹੜਤਾਲ ਕਾਰਨ ਲਗਾਤਾਰ ਚੌਥੇ ਦਿਨ ਬੈਂਕਿੰਗ ਸੇਵਾਵਾਂ ‘ਤੇ ਅਸਰ ਪਵੇਗਾ।
ਸਰਕਾਰੀ ਬੈਂਕ ਸਭ ਤੋਂ ਵੱਧ ਪ੍ਰਭਾਵਿਤ
ਹੜਤਾਲ ਦਾ ਮੁੱਖ ਅਸਰ ਜਨਤਕ ਖੇਤਰ ਦੇ ਬੈਂਕਾਂ ‘ਤੇ ਪਵੇਗਾ। ਸਟੇਟ ਬੈਂਕ ਸਮੇਤ ਹੋਰ ਸਰਕਾਰੀ ਬੈਂਕਾਂ ਵਿੱਚ ਕੰਮਕਾਜ ਲਗਭਗ ਪੂਰੀ ਤਰ੍ਹਾਂ ਠੱਪ ਰਹਿਣ ਦੀ ਸੰਭਾਵਨਾ ਹੈ।
ਨਿੱਜੀ ਬੈਂਕਾਂ ਵਿੱਚ ਕੰਮ ਆਮ ਰਹੇਗਾ
ਹਾਲਾਂਕਿ ਨਿੱਜੀ ਬੈਂਕਾਂ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ ਹੈ। ਨਿੱਜੀ ਬੈਂਕ ਇਸ ਹੜਤਾਲ ਦਾ ਹਿੱਸਾ ਨਹੀਂ ਹਨ ਕਿਉਂਕਿ ਉਹ ਯੂਨਾਈਟਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਨਾਲ ਨਹੀਂ ਜੁੜੇ ਹੋਏ। ਇਸ ਲਈ ਉਥੇ ਕੰਮਕਾਜ ਆਮ ਦਿਨਾਂ ਵਾਂਗ ਚੱਲਦਾ ਰਹੇਗਾ।
ਗਾਹਕਾਂ ਨੂੰ ਪਹਿਲਾਂ ਹੀ ਯੋਜਨਾ ਬਣਾਉਣ ਦੀ ਸਲਾਹ
ਬੈਂਕ ਹੜਤਾਲ ਦੇ ਮੱਦੇਨਜ਼ਰ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਰੂਰੀ ਬੈਂਕਿੰਗ ਕੰਮ ਪਹਿਲਾਂ ਹੀ ਨਿਪਟਾ ਲਏ ਜਾਣ। ਡਿਜ਼ਿਟਲ ਭੁਗਤਾਨ, ਏਟੀਐਮ ਅਤੇ ਆਨਲਾਈਨ ਸੇਵਾਵਾਂ ਹਾਲਾਂਕਿ ਚਾਲੂ ਰਹਿਣ ਦੀ ਉਮੀਦ ਹੈ, ਪਰ ਕਾਊਂਟਰ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ।

