ਚੰਡੀਗੜ੍ਹ :- 77ਵੇਂ ਗਣਤੰਤਰ ਦਿਵਸ 2026 ਦੇ ਮੌਕੇ ਭਾਰਤ ਸਰਕਾਰ ਨੇ ਹਿੰਦੀ ਸਿਨੇਮਾ ਦੇ ਮਹਾਨ ਅਦਾਕਾਰ ਧਰਮਿੰਦਰ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਪਦਮ ਵਿਭੂਸ਼ਣ’ ਨਾਲ ਮਰਨੋਂਪਰੰਤ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਜਾਰੀ ਕੀਤੀ ਗਈ ਅਧਿਕਾਰਕ ਸੂਚੀ ਮੁਤਾਬਕ ਇਸ ਸਾਲ ਕੁੱਲ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਪੁਰਸਕਾਰਾਂ ਨਾਲ ਵਿਭਿੰਨ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ।
ਸੱਤ ਦਹਾਕਿਆਂ ਤੱਕ ਸਿਨੇਮਾ ‘ਤੇ ਛਾਇਆ ਰਹਿਆ ਧਰਮਿੰਦਰ ਦਾ ਦੌਰ
ਭਾਰਤ ਸਰਕਾਰ ਨੇ ਆਪਣੇ ਬਿਆਨ ਵਿੱਚ ਧਰਮਿੰਦਰ ਨੂੰ ਹਿੰਦੀ ਫਿਲਮ ਉਦਯੋਗ ਦਾ ਉਹ ਸਿਤਾਰਾ ਕਰਾਰ ਦਿੱਤਾ ਹੈ, ਜਿਸ ਨੇ ਲਗਭਗ ਸੱਤ ਦਹਾਕਿਆਂ ਤੱਕ ਸਿਨੇਮਾ ਨੂੰ ਆਪਣੀ ਅਦਾਕਾਰੀ ਨਾਲ ਨਵੀਂ ਪਹਿਚਾਣ ਦਿੱਤੀ। ਤਿੰਨ ਸੌ ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਧਰਮਿੰਦਰ ਨੇ ਐਕਸ਼ਨ, ਰੋਮਾਂਸ ਅਤੇ ਸੰਵੇਦਨਸ਼ੀਲ ਕਿਰਦਾਰਾਂ ਰਾਹੀਂ ਦਰਸ਼ਕਾਂ ਦੇ ਦਿਲਾਂ ‘ਚ ਅਮਿੱਟ ਥਾਂ ਬਣਾਈ।
ਪੰਜਾਬ ਦੀ ਧਰਤੀ ਤੋਂ ਮੁੰਬਈ ਤੱਕ ਦਾ ਸੁਪਨਿਆਂ ਭਰਿਆ ਸਫ਼ਰ
1935 ਵਿੱਚ ਪੰਜਾਬ ਵਿੱਚ ਜਨਮੇ ਧਰਮਿੰਦਰ ਨੇ 1950 ਦੇ ਅਖੀਰਲੇ ਦਹਾਕੇ ਦੌਰਾਨ ਇੱਕ ਟੈਲੇਂਟ ਹੰਟ ਮੁਕਾਬਲਾ ਜਿੱਤ ਕੇ ਫਿਲਮੀ ਦੁਨੀਆ ਵਿੱਚ ਕਦਮ ਰੱਖਿਆ ਸੀ। ਆਮ ਪਰਿਵਾਰ ਤੋਂ ਉੱਠ ਕੇ ਬਾਲੀਵੁੱਡ ਦੇ ਸਭ ਤੋਂ ਵੱਡੇ ਸਿਤਾਰਿਆਂ ਵਿੱਚ ਸ਼ਾਮਲ ਹੋਣਾ ਉਨ੍ਹਾਂ ਦੀ ਮਿਹਨਤ ਅਤੇ ਜੁਨੂਨ ਦੀ ਮਿਸਾਲ ਮੰਨੀ ਜਾਂਦੀ ਹੈ। ਪਿਛਲੇ ਸਾਲ ਨਵੰਬਰ ਵਿੱਚ 89 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।
ਹੇਮਾ ਮਾਲਿਨੀ ਨੇ ਜਤਾਇਆ ਮਾਣ ਤੇ ਭਾਵਨਾ
ਧਰਮਿੰਦਰ ਦੀ ਪਤਨੀ ਅਤੇ ਪ੍ਰਸਿੱਧ ਅਦਾਕਾਰਾ ਹੇਮਾ ਮਾਲਿਨੀ ਨੇ ਇਸ ਸਨਮਾਨ ‘ਤੇ ਭਾਵੁਕ ਪ੍ਰਤੀਕਿਰਿਆ ਦਿੰਦਿਆਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ ਕਿ ਦੇਸ਼ ਵੱਲੋਂ ਧਰਮ ਜੀ ਦੇ ਫਿਲਮ ਜਗਤ ਲਈ ਅਤੁੱਲ ਯੋਗਦਾਨ ਨੂੰ ਮੰਨਤਾ ਮਿਲਣਾ ਪੂਰੇ ਪਰਿਵਾਰ ਅਤੇ ਪ੍ਰਸ਼ੰਸਕਾਂ ਲਈ ਮਾਣ ਦੀ ਗੱਲ ਹੈ।
ਸਿਨੇਮਾ ਲਈ ਸਮਰਪਿਤ ਜੀਵਨ ਨੂੰ ਮਿਲੀ ਰਾਸ਼ਟਰੀ ਸਲਾਮੀ
ਪਦਮ ਵਿਭੂਸ਼ਣ ਨਾਲ ਸਨਮਾਨਿਤ ਹੋਣਾ ਸਿਰਫ਼ ਇੱਕ ਅਦਾਕਾਰ ਨਹੀਂ, ਸਗੋਂ ਭਾਰਤੀ ਸਿਨੇਮਾ ਦੇ ਸੁਨਹਿਰੀ ਦੌਰ ਨੂੰ ਦਿੱਤੀ ਗਈ ਰਾਸ਼ਟਰੀ ਸ਼ਰਧਾਂਜਲੀ ਵਜੋਂ ਵੇਖਿਆ ਜਾ ਰਿਹਾ ਹੈ। ਧਰਮਿੰਦਰ ਦੀ ਅਦਾਕਾਰੀ, ਸਾਦਗੀ ਅਤੇ ਲੋਕਪ੍ਰਿਯਤਾ ਅੱਜ ਵੀ ਪੀੜ੍ਹੀ ਦਰ ਪੀੜ੍ਹੀ ਦਰਸ਼ਕਾਂ ਲਈ ਪ੍ਰੇਰਣਾ ਬਣੀ ਹੋਈ ਹੈ।

