ਨਵੀਂ ਦਿੱਲੀ :- ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਟੀ-20 ਵਰਲਡ ਕੱਪ 2026 ਨੂੰ ਲੈ ਕੇ ਇੱਕ ਵੱਡਾ ਅਤੇ ਹੈਰਾਨ ਕਰਨ ਵਾਲਾ ਫੈਸਲਾ ਲੈਂਦਿਆਂ ਬੰਗਲਾਦੇਸ਼ ਦੀ ਥਾਂ ਸਕਾਟਲੈਂਡ ਨੂੰ ਟੂਰਨਾਮੈਂਟ ਵਿੱਚ ਸ਼ਾਮਲ ਕਰ ਲਿਆ ਹੈ। ਇਹ ਵਰਲਡ ਕੱਪ 7 ਫਰਵਰੀ 2026 ਤੋਂ ਭਾਰਤ ਅਤੇ ਸ੍ਰੀਲੰਕਾ ਵਿੱਚ ਖੇਡਿਆ ਜਾਣਾ ਹੈ।
ਆਈਸੀਸੀ ਨੇ ਬੰਗਲਾਦੇਸ਼ ਨੂੰ ਦਿੱਤੀ ਸੀ 24 ਘੰਟਿਆਂ ਦੀ ਮਿਆਦ
ਆਈਸੀਸੀ ਵੱਲੋਂ ਕੁਝ ਦਿਨ ਪਹਿਲਾਂ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਗਿਆ ਸੀ। ਇਸ ਮਿਆਦ ਦੌਰਾਨ ਬੰਗਲਾਦੇਸ਼ ਨੂੰ ਭਾਰਤ ਵਿੱਚ ਮੈਚ ਖੇਡਣ ਸਬੰਧੀ ਆਪਣਾ ਰੁਖ ਸਾਫ਼ ਕਰਨ ਲਈ ਕਿਹਾ ਗਿਆ ਸੀ।
ਪਰ ਨਿਰਧਾਰਿਤ ਸਮੇਂ ਦੇ ਅੰਦਰ ਬੰਗਲਾਦੇਸ਼ ਵੱਲੋਂ ਆਈਸੀਸੀ ਦੇ ਫੈਸਲੇ ਨਾਲ ਸਹਿਮਤੀ ਨਹੀਂ ਦਿੱਤੀ ਗਈ, ਜਿਸ ਤੋਂ ਬਾਅਦ 24 ਜਨਵਰੀ ਨੂੰ ਆਈਸੀਸੀ ਨੇ ਸਖ਼ਤ ਕਦਮ ਚੁੱਕਦਿਆਂ ਬੰਗਲਾਦੇਸ਼ ਨੂੰ ਟੂਰਨਾਮੈਂਟ ਤੋਂ ਹਟਾ ਦਿੱਤਾ।
ਆਈਸੀਸੀ ਸੀਈਓ ਸੰਜੋਗ ਗੁਪਤਾ ਵੱਲੋਂ ਬੋਰਡ ਨੂੰ ਚਿੱਠੀ
ਜਾਣਕਾਰੀ ਮੁਤਾਬਕ ਆਈਸੀਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੰਜੋਗ ਗੁਪਤਾ ਨੇ ਇਸ ਸਬੰਧੀ ਆਈਸੀਸੀ ਬੋਰਡ ਦੇ ਸਾਰੇ ਮੈਂਬਰਾਂ ਨੂੰ ਅਧਿਕਾਰਕ ਚਿੱਠੀ ਭੇਜੀ।
ਚਿੱਠੀ ਵਿੱਚ ਉਨ੍ਹਾਂ ਸਪਸ਼ਟ ਕੀਤਾ ਕਿ ਬੰਗਲਾਦੇਸ਼ ਕ੍ਰਿਕਟ ਬੋਰਡ ਆਈਸੀਸੀ ਦੀ ਨੀਤੀ ਅਤੇ ਬੋਰਡ ਦੇ ਫੈਸਲੇ ਦੀ ਪਾਲਣਾ ਨਹੀਂ ਕਰ ਰਿਹਾ ਸੀ, ਜਿਸ ਕਾਰਨ ਕੋਈ ਹੋਰ ਵਿਕਲਪ ਨਹੀਂ ਬਚਿਆ।
ਇਸ ਚਿੱਠੀ ਦੀ ਕਾਪੀ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਅਮੀਨੁਲ ਇਸਲਾਮ ਨੂੰ ਵੀ ਭੇਜੀ ਗਈ, ਜੋ ਆਈਸੀਸੀ ਬੋਰਡ ਦੇ ਮੈਂਬਰ ਹਨ।
ਸਕਾਟਲੈਂਡ ਨੂੰ ਮਿਲਿਆ ਵਰਲਡ ਕੱਪ ਦਾ ਨਿਮੰਤਰਣ
ਇਸਦੇ ਨਾਲ ਹੀ ਆਈਸੀਸੀ ਵੱਲੋਂ ਕ੍ਰਿਕਟ ਸਕਾਟਲੈਂਡ ਨੂੰ ਅਧਿਕਾਰਕ ਤੌਰ ’ਤੇ ਟੀ-20 ਵਰਲਡ ਕੱਪ 2026 ਵਿੱਚ ਸ਼ਾਮਿਲ ਹੋਣ ਦਾ ਸੱਦਾ ਭੇਜਿਆ ਗਿਆ।
ਦੁਬਈ ਅਤੇ ਐਡਿਨਬਰਗ ਦਰਮਿਆਨ ਤੁਰੰਤ ਸੰਪਰਕ ਸਥਾਪਤ ਕੀਤਾ ਗਿਆ ਅਤੇ ਸਕਾਟਲੈਂਡ ਨੇ ਵਰਲਡ ਕੱਪ ਵਿੱਚ ਭਾਗ ਲੈਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ।
ਸਕਾਟਲੈਂਡ ਨੂੰ ਕਿਉਂ ਮਿਲੀ ਜਗ੍ਹਾ
ਆਈਸੀਸੀ ਨੇ ਸਪਸ਼ਟ ਕੀਤਾ ਕਿ ਸਕਾਟਲੈਂਡ ਨੂੰ ਇਹ ਮੌਕਾ ਉਨ੍ਹਾਂ ਦੇ ਪਿਛਲੇ ਪ੍ਰਦਰਸ਼ਨਾਂ ਅਤੇ ਮੌਜੂਦਾ ਰੈਂਕਿੰਗ ਦੇ ਆਧਾਰ ’ਤੇ ਦਿੱਤਾ ਗਿਆ ਹੈ।
ਸਕਾਟਲੈਂਡ ਦੀ ਮੌਜੂਦਾ ਟੀ-20 ਰੈਂਕਿੰਗ 14ਵਾਂ ਸਥਾਨ ਹੈ।
- 2024 ਵਰਲਡ ਕੱਪ ਵਿੱਚ ਟੀਮ ਗਰੁੱਪ ਬੀ ਵਿੱਚ ਤੀਜੇ ਸਥਾਨ ’ਤੇ ਰਹੀ।
- 2022 ਵਿੱਚ ਸਕਾਟਲੈਂਡ ਨੇ ਵੈਸਟਇੰਡੀਜ਼ ਨੂੰ ਹਰਾਇਆ।
- 2021 ਵਿੱਚ ਸਕਾਟਲੈਂਡ ਨੇ ਬੰਗਲਾਦੇਸ਼ ਨੂੰ ਹਰਾਕੇ ਆਪਣਾ ਗਰੁੱਪ ਟਾਪ ਕੀਤਾ ਸੀ।
ਇਹ ਸਾਰੇ ਤੱਥ ਸਕਾਟਲੈਂਡ ਦੇ ਹੱਕ ਵਿੱਚ ਗਏ।
ਗਰੁੱਪ C ਵਿੱਚ ਖੇਡੇਗੀ ਸਕਾਟਲੈਂਡ
ਸਕਾਟਲੈਂਡ ਨੂੰ ਹੁਣ ਗਰੁੱਪ C ਵਿੱਚ ਸ਼ਾਮਲ ਕੀਤਾ ਗਿਆ ਹੈ। ਟੀਮ ਕੋਲਕਾਤਾ ਵਿੱਚ ਵੈਸਟਇੰਡੀਜ਼, ਇਟਲੀ ਅਤੇ ਇੰਗਲੈਂਡ ਨਾਲ ਮੁਕਾਬਲਾ ਕਰੇਗੀ, ਜਦਕਿ ਮੁੰਬਈ ਵਿੱਚ ਨੇਪਾਲ ਦੇ ਖ਼ਿਲਾਫ਼ ਮੈਚ ਖੇਡਿਆ ਜਾਵੇਗਾ।
ਆਈਸੀਸੀ ਕਿਉਂ ਰਹੀ ਅਡਿੱਗ
ਆਈਸੀਸੀ ਦਾ ਮਤ ਸੀ ਕਿ ਜੇਕਰ ਕਿਸੇ ਇੱਕ ਦੇਸ਼ ਨੂੰ ਸੁਰੱਖਿਆ ਦੇ ਨਾਂ ’ਤੇ ਮੈਚ ਸਥਾਨ ਬਦਲਣ ਦੀ ਆਗਿਆ ਦਿੱਤੀ ਗਈ, ਤਾਂ ਭਵਿੱਖ ਵਿੱਚ ਹੋਰ ਦੇਸ਼ ਵੀ ਅਜਿਹੀਆਂ ਮੰਗਾਂ ਕਰਨਗੇ।
ਆਈਸੀਸੀ ਦੀ ਸੁਰੱਖਿਆ ਰਿਪੋਰਟ ਮੁਤਾਬਕ ਭਾਰਤ ਵਿੱਚ ਬੰਗਲਾਦੇਸ਼ ਟੀਮ ਲਈ ਖ਼ਤਰੇ ਦੀ ਸਤੱਰ ਘੱਟ ਸੀ, ਪਰ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਇਸਨੂੰ ਵੱਧ ਤੋਦੱਸਿਆ।
ਪਾਕਿਸਤਾਨ ਦੌਰੇ ਦੀ ਮਿਸਾਲ ਵੀ ਬਣੀ ਕਾਰਨ
ਪਿਛਲੇ ਸਾਲ ਬੰਗਲਾਦੇਸ਼ ਨੇ ਪਾਕਿਸਤਾਨ ਵਿੱਚ ਚੈਂਪੀਅਨਜ਼ ਟ੍ਰਾਫੀ ਖੇਡੀ ਸੀ, ਜਿੱਥੇ ਆਈਸੀਸੀ ਅਨੁਸਾਰ ਖ਼ਤਰੇ ਦੀ ਸਤਰ ਭਾਰਤ ਨਾਲੋਂ ਵੱਧ ਸੀ। ਇਸ ਤੱਥ ਨੇ ਵੀ ਆਈਸੀਸੀ ਦੇ ਫੈਸਲੇ ਨੂੰ ਮਜ਼ਬੂਤੀ ਦਿੱਤੀ।
ਅੰਤ ਵਿੱਚ ਆਈਸੀਸੀ ਦਾ ਸਪਸ਼ਟ ਸੁਨੇਹਾ
21 ਜਨਵਰੀ ਦੀ ਬੋਰਡ ਮੀਟਿੰਗ ਤੋਂ ਬਾਅਦ, ਜਦੋਂ ਬੰਗਲਾਦੇਸ਼ ਨੇ ਆਪਣਾ ਰੁਖ ਨਹੀਂ ਬਦਲਿਆ, ਤਾਂ ਆਈਸੀਸੀ ਨੇ ਇਹ ਸਪਸ਼ਟ ਕਰ ਦਿੱਤਾ ਕਿ ਟੀ-20 ਵਰਲਡ ਕੱਪ 2026 ਦੀ ਪਵਿਤ੍ਰਤਾ ਅਤੇ ਤੈਅ ਸ਼ਡਿਊਲ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

