ਇੰਡੋਨੇਸ਼ੀਆ :- ਇੰਡੋਨੇਸ਼ੀਆ ਦੇ ਪੱਛਮੀ ਜਾਵਾ ਸੂਬੇ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਭਿਆਨਕ ਤਬਾਹੀ ਮਚਾ ਦਿੱਤੀ ਹੈ। ਤੇਜ਼ ਵਰਖਾ ਕਾਰਨ ਇੱਕ ਪਹਾੜੀ ਇਲਾਕੇ ਵਿੱਚ ਭੂਸਖਲਨ ਹੋ ਗਿਆ, ਜਿਸ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ, ਜਦਕਿ 82 ਤੋਂ ਵੱਧ ਲੋਕ ਅਜੇ ਤੱਕ ਲਾਪਤਾ ਦੱਸੇ ਜਾ ਰਹੇ ਹਨ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਪਿੰਡ ‘ਤੇ ਅਚਾਨਕ ਟੁੱਟਿਆ ਮਲਬੇ ਦਾ ਪਹਾੜ
ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਹਾਦਸਾ ਵੈਸਟ ਬੈਂਡੂੰਗ ਖੇਤਰ ਦੇ ਇੱਕ ਪਿੰਡ ਵਿੱਚ ਵਾਪਰਿਆ। ਲਗਾਤਾਰ ਮੀਂਹ ਕਾਰਨ ਪਹਾੜੀ ਮਿੱਟੀ ਢਿੱਲੀ ਹੋ ਗਈ ਅਤੇ ਅਚਾਨਕ ਵੱਡੀ ਮਾਤਰਾ ਵਿੱਚ ਮਲਬਾ ਹੇਠਾਂ ਵਸੇ ਘਰਾਂ ਉੱਤੇ ਆ ਡਿੱਗਿਆ, ਜਿਸ ਨਾਲ ਕਈ ਪਰਿਵਾਰ ਮਲਬੇ ਹੇਠਾਂ ਦੱਬ ਗਏ।
ਲਾਪਤਾ ਲੋਕਾਂ ਦੀ ਗਿਣਤੀ ਚਿੰਤਾ ਜਨਕ
ਅਧਿਕਾਰੀਆਂ ਅਨੁਸਾਰ ਹੁਣ ਤੱਕ 82 ਲੋਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਮਲਬਾ ਵੱਡੇ ਖੇਤਰ ਵਿੱਚ ਫੈਲਣ ਕਾਰਨ ਬਚਾਅ ਕਾਰਜ ਮੁਸ਼ਕਲ ਬਣਿਆ ਹੋਇਆ ਹੈ। ਪ੍ਰਸ਼ਾਸਨ ਨੇ ਖ਼ਦਸ਼ਾ ਜਤਾਇਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ।
ਰੈਸਕਿਊ ਟੀਮਾਂ ਨੂੰ ਆ ਰਹੀਆਂ ਮੁਸ਼ਕਲਾਂ
ਭਾਰੀ ਮੀਂਹ, ਕੀਚੜ ਅਤੇ ਫਿਸਲਣ ਕਾਰਨ ਰੈਸਕਿਊ ਟੀਮਾਂ ਨੂੰ ਮੌਕੇ ‘ਤੇ ਕੰਮ ਕਰਨ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਬਾਵਜੂਦ ਫੌਜ, ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਦੀਆਂ ਟੀਮਾਂ ਦਿਨ-ਰਾਤ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ। ਅਧਿਕਾਰੀਆਂ ਨੇ ਉਮੀਦ ਜਤਾਈ ਹੈ ਕਿ ਅੱਜ ਰਾਹਤ ਅਤੇ ਬਚਾਅ ਕਾਰਵਾਈ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਮੌਸਮ ਵਿਭਾਗ ਦੀ ਪਹਿਲਾਂ ਹੀ ਚੇਤਾਵਨੀ
ਇੰਡੋਨੇਸ਼ੀਆ ਦੇ ਮੌਸਮ, ਜਲਵਾਯੂ ਅਤੇ ਭੂਭੌਤਿਕ ਵਿਗਿਆਨ ਵਿਭਾਗ ਵੱਲੋਂ ਪਹਿਲਾਂ ਹੀ ਪੱਛਮੀ ਜਾਵਾ ਵਿੱਚ ਇੱਕ ਹਫ਼ਤੇ ਤੱਕ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਲਗਾਤਾਰ ਵਰਖਾ ਨੇ ਪਹਾੜੀ ਖੇਤਰਾਂ ਵਿੱਚ ਭੂਸਖਲਨ ਦਾ ਖ਼ਤਰਾ ਕਾਫ਼ੀ ਵਧਾ ਦਿੱਤਾ ਸੀ।
ਪ੍ਰਸ਼ਾਸਨ ਹਾਈ ਅਲਰਟ ‘ਤੇ
ਭੂਸਖਲਨ ਦੀ ਘਟਨਾ ਤੋਂ ਬਾਅਦ ਸੂਬਾਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਨੀਵੀਂ ਥਾਂਵਾਂ ਅਤੇ ਪਹਾੜੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਦੀ ਅਪੀਲ ਕੀਤੀ ਗਈ ਹੈ। ਮੌਸਮ ਸਧਾਰਨ ਹੋਣ ਤੱਕ ਬਿਨਾਂ ਲੋੜ ਯਾਤਰਾ ਕਰਨ ਤੋਂ ਵੀ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ।

