ਨਵੀਂ ਦਿੱਲੀ :- ਗਣਤੰਤਰ ਦਿਵਸ ਤੋਂ ਪਹਿਲਾਂ ਰਾਜਧਾਨੀ ਦਿੱਲੀ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਖ਼ੁਲਾਸਾ ਸਾਹਮਣੇ ਆਇਆ ਹੈ। ਦਿੱਲੀ ਪੁਲਿਸ ਨੇ ਖਾਲਿਸਤਾਨੀ ਅੱਤਵਾਦੀ ਅਤੇ ‘ਸਿੱਖਸ ਫਾਰ ਜਸਟਿਸ’ ਦੇ ਮੁਖੀ ਗੁਰਪਵੰਤ ਸਿੰਘ ਪੰਨੂ ਵਿਰੁੱਧ ਅਸ਼ਾਂਤੀ ਭੜਕਾਉਣ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਹੇਠ ਐਫਆਈਆਰ ਦਰਜ ਕੀਤੀ ਹੈ। ਪੰਨੂ ਉੱਤੇ ਦੋਸ਼ ਹੈ ਕਿ ਉਸ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕਰਕੇ ਗਣਤੰਤਰ ਦਿਵਸ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ।
ਪ੍ਰਧਾਨ ਮੰਤਰੀ ਵਿਰੁੱਧ ਅਪਮਾਨਜਨਕ ਭਾਸ਼ਾ ਵਰਤਣ ਦਾ ਦੋਸ਼
ਪੁਲਿਸ ਮੁਤਾਬਕ ਅਮਰੀਕਾ ਵਿੱਚ ਬੈਠੇ ਪੰਨੂ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ 26 ਜਨਵਰੀ ਨੂੰ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਰੋਕਣ ਸੰਬੰਧੀ ਭੜਕਾਉਂਦੇ ਬਿਆਨ ਦਿੱਤੇ। ਉਸ ਨੇ ਇੱਥੋਂ ਤੱਕ ਕਹਿਆ ਕਿ ਜੋ ਵਿਅਕਤੀ ਇਸ ਕਾਰਵਾਈ ਨੂੰ ਅੰਜਾਮ ਦੇਵੇਗਾ, ਉਸਨੂੰ 1 ਲੱਖ 11 ਹਜ਼ਾਰ ਅਮਰੀਕੀ ਡਾਲਰ ਇਨਾਮ ਵਜੋਂ ਦਿੱਤੇ ਜਾਣਗੇ।
ਖਾਲਿਸਤਾਨੀ ਪੋਸਟਰਾਂ ਅਤੇ ਰੇਲਵੇ ਪਟੜੀਆਂ ਦਾ ਜ਼ਿਕਰ
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪੰਨੂ ਨੇ ਰੋਹਿਣੀ ਅਤੇ ਡਾਬਰੀ ਇਲਾਕਿਆਂ ਵਿੱਚ ਖਾਲਿਸਤਾਨੀ ਪੋਸਟਰ ਲਗਾਉਣ ਅਤੇ ਪੰਜਾਬ ਵਿੱਚ ਰੇਲਵੇ ਪਟੜੀਆਂ ’ਤੇ ਝੰਡੇ ਲਗਾਉਣ ਦੀਆਂ ਗੱਲਾਂ ਵੀ ਵੀਡੀਓ ਵਿੱਚ ਕੀਤੀਆਂ। ਹਾਲਾਂਕਿ ਪੁਲਿਸ ਜਾਂਚ ਵਿੱਚ ਦਾਅਵਾ ਕੀਤਾ ਗਿਆ ਕਿ ਦੱਸੇ ਗਏ ਸਥਾਨਾਂ ’ਤੇ ਅਜਿਹੇ ਪੋਸਟਰ ਹਕੀਕਤ ਵਿੱਚ ਮੌਜੂਦ ਨਹੀਂ ਮਿਲੇ।
ਕਈ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ
ਦਿੱਲੀ ਪੁਲਿਸ ਵੱਲੋਂ ਪੰਨੂ ਖ਼ਿਲਾਫ਼ ਭਾਰਤੀ ਨਿਆਇ ਸੰਹਿਤਾ ਦੀਆਂ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਧਾਰਾ 196 (ਦੁਸ਼ਮਣੀ ਭੜਕਾਉਣਾ), 197 (ਰਾਸ਼ਟਰੀ ਏਕਤਾ ਨੂੰ ਨੁਕਸਾਨ ਪਹੁੰਚਾਉਣਾ), 152 (ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਲਈ ਖ਼ਤਰਾ) ਅਤੇ 61 (ਅਪਰਾਧਿਕ ਸਾਜ਼ਿਸ਼) ਸ਼ਾਮਲ ਹਨ।
ਰਾਜਧਾਨੀ ’ਚ ਸੁਰੱਖਿਆ ਪ੍ਰਬੰਧ ਹੋਏ ਹੋਰ ਮਜ਼ਬੂਤ
77ਵੇਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਨਵੀਂ ਦਿੱਲੀ ਜ਼ਿਲ੍ਹੇ ਅਤੇ ਕਰਤੱਵ ਪਥ ਖੇਤਰ ਵਿੱਚ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਲਾਗੂ ਕਰ ਦਿੱਤੇ ਗਏ ਹਨ। ਖੁਫੀਆ ਏਜੰਸੀਆਂ ਦੀ ਸੂਚਨਾ ਤੋਂ ਬਾਅਦ ਪੁਲਿਸ ਅਤੇ ਅਰਧਸੈਨਾ ਬਲਾਂ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ।
ਆਨਲਾਈਨ ਗਤੀਵਿਧੀਆਂ ’ਤੇ ਨਜ਼ਰ, ਜਾਂਚ ਜਾਰੀ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੰਨੂ ਵੱਲੋਂ ਜਾਰੀ ਕੀਤੇ ਗਏ ਵੀਡੀਓ ਅਤੇ ਉਸਦੇ ਦਾਅਵਿਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵੀ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਕਿਸਮ ਦੀ ਅਫਵਾਹ ਜਾਂ ਦੇਸ਼ ਵਿਰੋਧੀ ਸਰਗਰਮੀ ਨੂੰ ਸਮੇਂ ਸਿਰ ਰੋਕਿਆ ਜਾ ਸਕੇ।
ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਆ ਏਜੰਸੀਆਂ ਨਾਲ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਦੇਣ, ਤਾਂ ਜੋ ਗਣਤੰਤਰ ਦਿਵਸ ਦੇ ਸਮਾਰੋਹ ਸ਼ਾਂਤੀ ਅਤੇ ਸੁਰੱਖਿਆ ਨਾਲ ਮਨਾਏ ਜਾ ਸਕਣ।

