ਚੰਡੀਗੜ੍ਹ :- ਜੰਮੂ–ਕਸ਼ਮੀਰ ਵਿੱਚ ਭਾਰਤੀ ਫ਼ੌਜ ਨਾਲ ਵਾਪਰੇ ਦਰਦਨਾਕ ਹਾਦਸੇ ਨੇ ਪੂਰੇ ਦੇਸ਼ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ। ਫ਼ੌਜ ਦੀ ਇੱਕ ਗੱਡੀ ਦੇ ਅਚਾਨਕ ਖੱਡ ਵਿੱਚ ਡਿੱਗ ਜਾਣ ਕਾਰਨ 10 ਬਹਾਦਰ ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ ਵਿੱਚ ਪੰਜਾਬ ਦੇ ਰੋਪੜ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਸਿਪਾਹੀ ਜੋਬਨਪ੍ਰੀਤ ਸਿੰਘ ਵੀ ਸ਼ਾਮਲ ਹੈ।
ਪਿੰਡ ਚਨੌਲੀ ਦਾ 23 ਸਾਲਾ ਜਵਾਨ ਹੋਇਆ ਸ਼ਹੀਦ
ਸ਼ਹੀਦ ਜੋਬਨਪ੍ਰੀਤ ਸਿੰਘ ਰੋਪੜ ਜ਼ਿਲ੍ਹੇ ਦੇ ਪਿੰਡ ਚਨੌਲੀ ਦਾ ਵਸਨੀਕ ਸੀ ਅਤੇ ਉਸ ਦੀ ਉਮਰ ਕੇਵਲ 23 ਸਾਲ ਦੱਸੀ ਜਾ ਰਹੀ ਹੈ। ਦੇਸ਼ ਦੀ ਰੱਖਿਆ ਕਰਦੇ ਹੋਏ ਉਸ ਦੀ ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਅਗਲੇ ਮਹੀਨੇ ਹੋਣਾ ਸੀ ਵਿਆਹ
ਦੁੱਖ਼ਦਾਈ ਗੱਲ ਇਹ ਹੈ ਕਿ ਜੋਬਨਪ੍ਰੀਤ ਸਿੰਘ ਦਾ ਅਗਲੇ ਮਹੀਨੇ ਵਿਆਹ ਨਿਸ਼ਚਿਤ ਸੀ। ਖੁਸ਼ੀਆਂ ਨਾਲ ਭਰਿਆ ਪਰਿਵਾਰ ਇੱਕ ਪਲ ਵਿੱਚ ਗਮ ਵਿੱਚ ਡੁੱਬ ਗਿਆ। ਨੌਜਵਾਨ ਜਵਾਨ ਦੀ ਅਚਾਨਕ ਸ਼ਹਾਦਤ ਨੇ ਪਰਿਵਾਰ ਸਮੇਤ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਸੁਖਬੀਰ ਸਿੰਘ ਬਾਦਲ ਵੱਲੋਂ ਸੰਵੇਦਨਾ ਪ੍ਰਗਟ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਾਦਸੇ ‘ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਜੰਮੂ–ਕਸ਼ਮੀਰ ਵਿੱਚ ਹੋਇਆ ਇਹ ਹਾਦਸਾ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ 10 ਬਹਾਦਰ ਫ਼ੌਜੀ ਜਵਾਨਾਂ ਦੀ ਸ਼ਹਾਦਤ ਦੇਸ਼ ਲਈ ਅਪੂਰਣੀ ਘਾਟ ਹੈ।
ਸ਼ਹੀਦ ਜੋਬਨਪ੍ਰੀਤ ਨੂੰ ਦਿੱਤਾ ਨਮਨ
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਜੋਬਨਪ੍ਰੀਤ ਸਿੰਘ ਦਾ ਚੜ੍ਹਦੀ ਉਮਰੇ ਦੇਸ਼ ਲਈ ਕੁਰਬਾਨ ਹੋ ਜਾਣ ਹਰ ਭਾਰਤੀ ਲਈ ਮਾਣ ਦੀ ਗੱਲ ਹੈ। ਉਨ੍ਹਾਂ ਸ਼ਹੀਦ ਨੂੰ ਨਮਨ ਕਰਦੇ ਹੋਏ ਪਰਿਵਾਰ ਨਾਲ ਪੂਰੀ ਹਮਦਰਦੀ ਪ੍ਰਗਟ ਕੀਤੀ।
ਵਾਹਿਗੁਰੂ ਅੱਗੇ ਅਰਦਾਸ
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਸ ਅਸਹਿ ਦੁੱਖ਼ ਦੀ ਘੜੀ ਵਿੱਚ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ ਅਤੇ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਉਹ ਸ਼ਹੀਦ ਦੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦੀ ਹਿੰਮਤ ਅਤੇ ਤਾਕਤ ਬਖ਼ਸ਼ੇ।

