ਚੰਡੀਗੜ੍ਹ :- ਪੰਜਾਬ ਵਿੱਚ ਲਗਾਤਾਰ ਵਰ੍ਹਦੇ ਮੀਂਹ ਦਰਮਿਆਨ ਜਲੰਧਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇਕ ਫਰਾਰ ਸ਼ੂਟਰ ਨੂੰ ਐਨਕਾਊਂਟਰ ਤੋਂ ਬਾਅਦ ਕਾਬੂ ਕਰ ਲਿਆ। ਇਹ ਮੁਕਾਬਲਾ ਜਲੰਧਰ ਦੇ ਅਲਾਵਲਪੁਰ ਰੋਡ ’ਤੇ ਪਿੰਡ ਡੋਲਾ ਨੇੜੇ ਉਸ ਸਮੇਂ ਹੋਇਆ, ਜਦੋਂ ਪੁਲਿਸ ਨੇ ਸ਼ੱਕੀ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਗੁਪਤ ਸੂਚਨਾ ’ਤੇ ਘੇਰਾਬੰਦੀ
ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਭੁਲੱਥ ਨਿਵਾਸੀ ਮੁੱਖ ਸ਼ੂਟਰ ਲਵਪ੍ਰੀਤ ਉਰਫ਼ ਲਵੀ ਬਾਰੇ ਸੂਚਨਾ ਮਿਲੀ ਸੀ ਕਿ ਉਹ ਅਲਾਵਲਪੁਰ ਖੇਤਰ ਵਿੱਚ ਘੁੰਮ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਆਦਮਪੁਰ ਡੀਐੱਸਪੀ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੂੰ ਤਾਇਨਾਤ ਕੀਤਾ ਗਿਆ।
ਪੁਲਿਸ ਨੂੰ ਦੇਖ ਕੇ ਚਲਾਈ ਫਾਇਰਿੰਗ
ਸਵੇਰੇ ਲਗਭਗ ਸਵਾ ਨੌ ਵਜੇ ਜਗਰਾਓਂ ਵੱਲ ਜਾਣ ਵਾਲੀ ਸੜਕ ’ਤੇ ਪੁਲਿਸ ਨੇ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲਵਪ੍ਰੀਤ ਨੇ ਪੁਲਿਸ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਦੌਰਾਨ ਮੁਲਜ਼ਮ ਨੂੰ ਦੋ ਗੋਲੀਆਂ ਲੱਗੀਆਂ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।
ਹਸਪਤਾਲ ਦਾਖ਼ਲ, ਪਿਸਤੌਲ ਬਰਾਮਦ
ਜ਼ਖ਼ਮੀ ਹਾਲਤ ਵਿੱਚ ਲਵਪ੍ਰੀਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ ਇਕ ਪਿਸਤੌਲ ਵੀ ਬਰਾਮਦ ਕੀਤੀ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਲੜਾਈ-ਝਗੜੇ ਅਤੇ ਅਪਰਾਧਿਕ ਸਰਗਰਮੀਆਂ ਨਾਲ ਜੁੜੇ ਤਿੰਨ ਕੇਸ ਦਰਜ ਹਨ।
19 ਦਸੰਬਰ ਦੀ ਫਾਇਰਿੰਗ ਨਾਲ ਜੁੜਿਆ ਸੀ ਮਾਮਲਾ
ਪੁਲਿਸ ਅਨੁਸਾਰ ਇਹੀ ਸ਼ੂਟਰ 19 ਦਸੰਬਰ ਨੂੰ ਜਲੰਧਰ-ਭੋਗਪੁਰ ਹਾਈਵੇਅ ’ਤੇ ਕਿਸ਼ਨਗੜ੍ਹ ਚੌਕ ਨੇੜੇ ਹੋਈ ਤਾਬੜਤੋੜ ਫਾਇਰਿੰਗ ਦੀ ਘਟਨਾ ਵਿੱਚ ਸ਼ਾਮਲ ਸੀ। ਉਸ ਦਿਨ ਤਿੰਨ ਕਾਰਾਂ ਵਿੱਚ ਆਏ ਬਦਮਾਸ਼ਾਂ ਨੇ ਇਕ ਪੈਟਰੋਲ ਪੰਪ ’ਤੇ ਖੜ੍ਹੇ ਨੌਜਵਾਨਾਂ ’ਤੇ 12 ਤੋਂ 15 ਰਾਊਂਡ ਫਾਇਰ ਕੀਤੇ ਸਨ।
ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋਏ ਸਨ
ਇਸ ਹਮਲੇ ਦੌਰਾਨ 50 ਤੋਂ ਵੱਧ ਨੌਜਵਾਨ ਮੌਜੂਦ ਸਨ, ਜਿਨ੍ਹਾਂ ਵਿੱਚੋਂ ਸ਼ਿਵਦਾਸਪੁਰਾ ਨਿਵਾਸੀ ਗੁਰਪ੍ਰੀਤ ਗੋਪੀ ਅਤੇ ਸੌਰਵ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਦੋਵਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।
ਦੋ ਦੋਸ਼ੀ ਪਹਿਲਾਂ ਹੀ ਹੋ ਚੁੱਕੇ ਗ੍ਰਿਫ਼ਤਾਰ
ਘਟਨਾ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰਕੇ ਜਤਿੰਦਰ ਅਤੇ ਰਕਸ਼ਿਤ ਨਾਮਕ ਦੋ ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਮੁੱਖ ਸ਼ੂਟਰ ਲਵਪ੍ਰੀਤ ਲਵੀ ਫਰਾਰ ਚੱਲ ਰਿਹਾ ਸੀ।
ਅੱਜ ਦੇ ਐਨਕਾਊਂਟਰ ਨਾਲ ਕੇਸ ਦੀ ਗੁੱਥੀ ਸੁਲਝੀ
ਪੁਲਿਸ ਦਾ ਕਹਿਣਾ ਹੈ ਕਿ ਅੱਜ ਹੋਏ ਮੁਕਾਬਲੇ ਨਾਲ ਇਸ ਵੱਡੀ ਫਾਇਰਿੰਗ ਘਟਨਾ ਦੇ ਮੁੱਖ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਹੁਣ ਪੂਰੇ ਨੈੱਟਵਰਕ ਬਾਰੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

