ਨਵੀ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੋ ਚੋਣਾਂ ਵਾਲੇ ਦੱਖਣੀ ਰਾਜਾਂ ਕੇਰਲ ਅਤੇ ਤਾਮਿਲਨਾਡੂ ਦੇ ਮਹੱਤਵਪੂਰਨ ਦੌਰੇ ‘ਤੇ ਰਹਿਣਗੇ। ਦਿਨ ਦੀ ਸ਼ੁਰੂਆਤ ਉਹ ਕੇਰਲ ਤੋਂ ਕਰਨਗੇ, ਜਿੱਥੇ ਸਵੇਰੇ ਕਰੀਬ 10 ਵਜ ਕੇ 45 ਮਿੰਟ ‘ਤੇ ਤਿਰੂਵਨੰਤਪੁਰਮ ਪਹੁੰਚ ਕੇ ਕਈ ਵੱਡੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ ਅਤੇ ਨਵੇਂ ਪ੍ਰੋਜੈਕਟਾਂ ਦੀ ਨੀਂਹ ਪੱਥਰ ਰੱਖਣਗੇ।
ਰੇਲ ਪ੍ਰੋਜੈਕਟਾਂ ਨੂੰ ਮਿਲੇਗੀ ਰਫ਼ਤਾਰ
ਕੇਰਲ ਦੌਰੇ ਦੌਰਾਨ ਪ੍ਰਧਾਨ ਮੰਤਰੀ ਚਾਰ ਰੇਲਗੱਡੀਆਂ ਨੂੰ ਹਰੀ ਝੰਡੀ ਵੀ ਦਿਖਾਉਣਗੇ। ਇਨ੍ਹਾਂ ਵਿੱਚ ਤਿੰਨ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲਗੱਡੀਆਂ ਸ਼ਾਮਲ ਹਨ, ਜਦਕਿ ਇਕ ਆਮ ਯਾਤਰੀ ਰੇਲਗੱਡੀ ਵੀ ਲੋਕਾਂ ਦੀ ਸਹੂਲਤ ਲਈ ਰਵਾਨਾ ਕੀਤੀ ਜਾਵੇਗੀ। ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਕੇਰਲ ਦੀ ਆਵਾਜਾਈ ਅਤੇ ਆਰਥਿਕ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ।
ਦੁਪਹਿਰ ਨੂੰ ਤਾਮਿਲਨਾਡੂ ਰੁਖ
ਕੇਰਲ ਦੇ ਕਾਰਜਕ੍ਰਮ ਪੂਰੇ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦੁਪਹਿਰ ਸਮੇਂ ਤਾਮਿਲਨਾਡੂ ਪਹੁੰਚਣਗੇ। ਇੱਥੇ ਉਹ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਐਨ.ਡੀ.ਏ. ਦੀ ਚੋਣ ਮੁਹਿੰਮ ਦੀ ਔਪਚਾਰਿਕ ਸ਼ੁਰੂਆਤ ਕਰਨਗੇ।
ਮਦੁਰੰਤਕਮ ਵਿੱਚ ਵੱਡੀ ਚੋਣ ਰੈਲੀ
ਤਾਮਿਲਨਾਡੂ ਦੌਰੇ ਦੌਰਾਨ ਮੋਦੀ ਚੇਨਈ ਤੋਂ ਲਗਭਗ 87 ਕਿਲੋਮੀਟਰ ਦੂਰ ਸਥਿਤ ਮਦੁਰੰਤਕਮ ਵਿੱਚ ਇਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਇਸ ਰੈਲੀ ਨੂੰ ਦੱਖਣ ਭਾਰਤ ਵਿਚ ਐਨ.ਡੀ.ਏ. ਦੀ ਰਣਨੀਤੀ ਲਈ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
ਵਿਕਾਸ ਅਤੇ ਵਿਸ਼ਵਾਸ ‘ਤੇ ਜ਼ੋਰ
ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਕੇਵਲ ਵਿਕਾਸੀ ਯੋਜਨਾਵਾਂ ਤੱਕ ਸੀਮਿਤ ਨਹੀਂ ਦੇਖਿਆ ਜਾ ਰਿਹਾ, ਸਗੋਂ ਇਸਨੂੰ ਚੋਣੀ ਮੈਦਾਨ ਵਿੱਚ ਭਾਜਪਾ ਅਤੇ ਐਨ.ਡੀ.ਏ. ਵੱਲੋਂ ਦੱਖਣੀ ਰਾਜਾਂ ‘ਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ।

