ਆਸਟ੍ਰੇਲੀਆ :- ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਛੋਟੇ ਕਸਬੇ ਲੇਕ ਕਾਰਜੇਲਿਗੋ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਅਣਪਛਾਤੇ ਵਿਅਕਤੀ ਵੱਲੋਂ ਅਚਾਨਕ ਗੋਲੀਆਂ ਚਲਾਈਆਂ ਗਈਆਂ। ਇਸ ਹਮਲੇ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਸ਼ਾਮ 4:40 ਵਜੇ ਮਿਲੀ ਗੋਲਾਬਾਰੀ ਦੀ ਸੂਚਨਾ
ਪੁਲਿਸ ਮੁਤਾਬਕ ਐਮਰਜੈਂਸੀ ਸੇਵਾਵਾਂ ਨੂੰ ਸ਼ਾਮ ਕਰੀਬ 4 ਵੱਜ ਕੇ 40 ਮਿੰਟ ’ਤੇ ਵਾਕਰ ਸਟਰੀਟ ਅਤੇ ਯੈਲਕਿਨ ਸਟਰੀਟ ਦੇ ਚੌਰਾਹੇ ਨੇੜੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚੀ ਪੁਲਿਸ ਟੀਮ ਨੇ ਕਈ ਲੋਕਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਪਾਇਆ।
ਦੋ ਔਰਤਾਂ ਅਤੇ ਇਕ ਮਰਦ ਦੀ ਮੌਕੇ ’ਤੇ ਮੌਤ
ਪੁਲਿਸ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਗੋਲਾਬਾਰੀ ਵਿੱਚ ਦੋ ਔਰਤਾਂ ਅਤੇ ਇਕ ਪੁਰਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਚੌਥਾ ਵਿਅਕਤੀ ਗੰਭੀਰ ਪਰ ਸਥਿਰ ਹਾਲਤ ਵਿੱਚ ਇਲਾਜ ਅਧੀਨ ਹੈ।
ਹਮਲਾਵਰ ਹਜੇ ਤੱਕ ਕਾਬੂ ਨਹੀਂ, ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ
ਘਟਨਾ ਤੋਂ ਬਾਅਦ ਹਮਲਾਵਰ ਫਰਾਰ ਹੋ ਗਿਆ, ਜਿਸ ਕਾਰਨ ਪੁਲਿਸ ਨੇ ਇਲਾਕੇ ਦੇ ਵਸਨੀਕਾਂ ਨੂੰ ਘਰਾਂ ਅੰਦਰ ਰਹਿਣ ਅਤੇ ਮੌਕੇ ਦੇ ਆਸ-ਪਾਸ ਨਾ ਜਾਣ ਦੀ ਅਪੀਲ ਕੀਤੀ ਹੈ। ਭਾਰੀ ਹਥਿਆਰਾਂ ਨਾਲ ਲੈਸ ਟੈਕਟਿਕਲ ਪੁਲਿਸ ਦਲ ਵੱਲੋਂ ਵੱਡੇ ਪੱਧਰ ’ਤੇ ਤਲਾਸ਼ ਮੁਹਿੰਮ ਚਲਾਈ ਜਾ ਰਹੀ ਹੈ।
ਘਰੇਲੂ ਹਿੰਸਾ ਨਾਲ ਜੁੜਿਆ ਹੋ ਸਕਦਾ ਹੈ ਮਾਮਲਾ
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਸ ਗੋਲਾਬਾਰੀ ਨੂੰ ਘਰੇਲੂ ਹਿੰਸਾ ਨਾਲ ਜੁੜਿਆ ਮਾਮਲਾ ਮੰਨਿਆ ਜਾ ਰਿਹਾ ਹੈ, ਹਾਲਾਂਕਿ ਪੁਲਿਸ ਨੇ ਇਸ ਬਾਰੇ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ।
ਕੌਂਸਲ ਦੀ ਗੱਡੀ ’ਚ ਭੱਜਣ ਦੀ ਸੰਭਾਵਨਾ
ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੋਸ਼ੀ ਘਟਨਾ ਸਥਲ ਤੋਂ ਸਥਾਨਕ ਕੌਂਸਲ ਦੀ ਗੱਡੀ ਵਿੱਚ ਸਵਾਰ ਹੋ ਕੇ ਫਰਾਰ ਹੋਇਆ। ਪੁਲਿਸ ਵੱਲੋਂ ਇਸ ਸਬੰਧੀ ਹਰ ਪੱਖ ਤੋਂ ਜਾਂਚ ਜਾਰੀ ਹੈ।
ਛੋਟੇ ਕਸਬੇ ’ਚ ਸਹਿਮਿਆ ਮਾਹੌਲ
ਲਗਭਗ 1,500 ਦੀ ਆਬਾਦੀ ਵਾਲਾ ਲੇਕ ਕਾਰਜੇਲਿਗੋ ਇੱਕ ਸ਼ਾਂਤ ਕਸਬਾ ਮੰਨਿਆ ਜਾਂਦਾ ਹੈ। ਇਸ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਹਾਦਸਾ ਸਿਡਨੀ ਦੇ ਬੋਂਡੀ ਬੀਚ ’ਚ ਹੋਈ ਹਾਲੀਆ ਘਾਤਕ ਗੋਲਾਬਾਰੀ ਤੋਂ ਕੁਝ ਹੀ ਹਫ਼ਤਿਆਂ ਬਾਅਦ ਵਾਪਰਿਆ ਹੈ, ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੋਰ ਵਧ ਗਿਆ ਹੈ

