ਚੰਡੀਗੜ੍ਹ :- ਭਾਰਤੀ ਫੌਜ ਨੇ ਪੰਜਾਬ ਦੇ ਨੌਜਵਾਨਾਂ ਨੂੰ ਸਿੱਖ ਰੇਜੀਮੈਂਟ ਵਿੱਚ ਵੱਡੀ ਗਿਣਤੀ ਵਿੱਚ ਭਰਤੀ ਹੋਣ ਦੀ ਅਪੀਲ ਕੀਤੀ ਹੈ। ਫੌਜ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿੱਖ ਰੇਜੀਮੈਂਟ ਦੀ ਅਸਲ ਤਾਕਤ ਪੰਜਾਬ ਦੀ ਉਹ ਜਵਾਨੀ ਹੈ ਜੋ ਪੀੜ੍ਹੀਆਂ ਤੋਂ ਚੱਲ ਰਹੀ ਯੋਧਾ ਪਰੰਪਰਾ ਨੂੰ ਅੱਗੇ ਵਧਾਉਂਦੀ ਆ ਰਹੀ ਹੈ।
ਮਾਨਵ ਬਲ ਦੀ ਘਾਟ ਕਾਰਨ ਬਟਾਲੀਅਨਾਂ ਪ੍ਰਭਾਵਿਤ
ਫੌਜ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਇਹ ਚਿੰਤਾ ਜਤਾਈ ਜਾ ਰਹੀ ਹੈ ਕਿ ਲੋੜ ਅਨੁਸਾਰ ਸਿੱਖ ਨੌਜਵਾਨ ਰੇਜੀਮੈਂਟ ਵਿੱਚ ਭਰਤੀ ਨਹੀਂ ਹੋ ਰਹੇ, ਜਿਸ ਕਾਰਨ ਕਈ ਬਟਾਲੀਅਨਾਂ ਵਿੱਚ ਮਾਨਵ ਬਲ ਦੀ ਘਾਟ ਸਾਹਮਣੇ ਆ ਰਹੀ ਹੈ।
ਉੱਚ ਪੱਧਰੀ ਕਾਰਗੁਜ਼ਾਰੀ ਅਜੇ ਵੀ ਬਰਕਰਾਰ
ਰੱਖਿਆ ਵਿਭਾਗ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਕਿ ਮਾਨਵ ਬਲ ਨਾਲ ਜੁੜੀਆਂ ਚੁਣੌਤੀਆਂ ਦੇ ਬਾਵਜੂਦ ਸਿੱਖ ਰੇਜੀਮੈਂਟ ਨੇ ਹਮੇਸ਼ਾ ਉੱਚ ਮਿਆਰ ਕਾਇਮ ਰੱਖਿਆ ਹੈ ਅਤੇ ਭਾਰਤੀ ਫੌਜ ਦੀਆਂ ਉਮੀਦਾਂ ’ਤੇ ਪੂਰੀ ਤਰ੍ਹਾਂ ਖਰੀ ਉਤਰੀ ਹੈ।
ਸਨਮਾਨਾਂ ਅਤੇ ਅਵਾਰਡਾਂ ਨਾਲ ਸਨਵਰੀ ਵਿਰਾਸਤ
ਫੌਜ ਵੱਲੋਂ ਦੱਸਿਆ ਗਿਆ ਕਿ ਇਕੋ ਸਮੇਂ ਵੱਡੀ ਗਿਣਤੀ ਵਿੱਚ ਸਨਮਾਨ ਪ੍ਰਾਪਤ ਕਰਨਾ ਆਪਣੇ ਆਪ ਵਿੱਚ ਇਕ ਵਿਲੱਖਣ ਉਪਲਬਧੀ ਹੈ। ਇਸ ਤੋਂ ਪਹਿਲਾਂ ਅਜਿਹਾ ਮੌਕਾ ਜਨਵਰੀ 2015 ਵਿੱਚ ਆਇਆ ਸੀ, ਜਦੋਂ ਰੇਜੀਮੈਂਟ ਦੀਆਂ ਛੇ ਬਟਾਲੀਅਨਾਂ ਨੂੰ ਸ਼ਾਨਦਾਰ ਸੇਵਾ ਲਈ ਸਨਮਾਨਿਤ ਕੀਤਾ ਗਿਆ ਸੀ। ਇਹ ਸਾਰੇ ਅਵਾਰਡ ਸਿੱਖ ਰੇਜੀਮੈਂਟ ਦੀ ਬਹਾਦਰੀ ਅਤੇ ਪੇਸ਼ਾਵਰ ਕਾਬਲੀਅਤ ਨੂੰ ਹੋਰ ਮਜ਼ਬੂਤ ਕਰਦੇ ਹਨ।
ਗੁਰੂ ਸਾਹਿਬਾਨ ਦੀ ਯੋਧਾ ਪਰੰਪਰਾ ਤੋਂ ਪ੍ਰੇਰਣਾ
ਫੌਜ ਨੇ ਕਿਹਾ ਕਿ ਸਿੱਖ ਰੇਜੀਮੈਂਟ ਦੀ ਯੋਧਾ ਵਿਰਾਸਤ ਦੀ ਨੀਂਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਰੱਖੀ ਗਈ ਸੀ, ਜਿਸਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਟੱਲ ਰੂਪ ਦਿੱਤਾ। ਬਹਾਦਰੀ, ਅਨੁਸ਼ਾਸਨ ਅਤੇ ਕੁਰਬਾਨੀ ਦੀ ਇਹ ਸੋਚ ਅੱਜ ਵੀ ਹਰ ਸਿੱਖ ਸੈਨਿਕ ਨੂੰ ਪ੍ਰੇਰਿਤ ਕਰਦੀ ਹੈ।
ਉੱਚ ਅਹੁਦਿਆਂ ਤੱਕ ਪਹੁੰਚੇ ਕਈ ਸੈਨਿਕ
ਬਿਆਨ ਵਿੱਚ ਦੱਸਿਆ ਗਿਆ ਕਿ ਸਿੱਖ ਰੇਜੀਮੈਂਟ ਦੇ ਅਨੇਕ ਸੈਨਿਕ ਆਪਣੀ ਨਿਸ਼ਠਾ ਅਤੇ ਮਿਹਨਤ ਦੇ ਬਲ ’ਤੇ ਜੂਨੀਅਰ ਕਮਿਸ਼ਨਡ ਅਫਸਰ ਅਤੇ ਕਮਿਸ਼ਨਡ ਅਫਸਰ ਵਰਗੇ ਉੱਚ ਅਹੁਦਿਆਂ ਤੱਕ ਪਹੁੰਚੇ ਹਨ, ਜੋ ਰੇਜੀਮੈਂਟ ਦੀ ਲੀਡਰਸ਼ਿਪ ਅਤੇ ਪੇਸ਼ਾਵਰ ਸਮਰੱਥਾ ਦਾ ਪ੍ਰਮਾਣ ਹੈ।
ਫੌਜ ਨਾਲ ਜੁੜਨਾ ਮਾਣ ਅਤੇ ਸੇਵਾ ਦਾ ਮੌਕਾ
ਭਾਰਤੀ ਫੌਜ ਨੇ ਕਿਹਾ ਕਿ ਸਿੱਖ ਰੇਜੀਮੈਂਟ ਵਰਗੀ ਪ੍ਰਸਿੱਧ ਅਤੇ ਇਤਿਹਾਸਕ ਯੂਨਿਟ ਵਿੱਚ ਸੇਵਾ ਕਰਨਾ ਹਰ ਨੌਜਵਾਨ ਲਈ ਮਾਣ ਅਤੇ ਦੇਸ਼ ਸੇਵਾ ਦਾ ਸਭ ਤੋਂ ਵੱਡਾ ਮੌਕਾ ਹੈ।

