ਚੰਡੀਗੜ੍ਹ :- ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਲੈ ਕੇ ਸਿਆਸੀ ਗਲਿਆਰੇ ਵਿੱਚ ਗਰਮਾਹਟ ਤੇਜ਼ ਹੋ ਗਈ ਹੈ। ਇਸ ਵਾਰ ਆਮ ਆਦਮੀ ਪਾਰਟੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਹ ਚੋਣ ਕਿਸੇ ਵੀ ਪਾਰਟੀ ਨਾਲ ਗਠਜੋੜ ਬਿਨਾਂ ਇਕੱਲੀ ਹੀ ਲੜੇਗੀ। ਇਸ ਐਲਾਨ ਨਾਲ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਗਏ ਹਨ ਅਤੇ ਚੋਣ ਦਿਲਚਸਪ ਮੋੜ ’ਤੇ ਪਹੁੰਚ ਗਈ ਹੈ।
ਨਾਮਜ਼ਦਗੀਆਂ ਅੱਜ, ਦਿਨ ਭਰ ਰਹੇਗੀ ਗਹਿਮਾ-ਗਹਿਮੀ
ਚੰਡੀਗੜ੍ਹ ਮੇਅਰ ਚੋਣ ਲਈ ਅੱਜ ਨਾਮਜ਼ਦਗੀਆਂ ਦਾਖਲ ਕੀਤੀਆਂ ਜਾਣਗੀਆਂ। ਚੋਣ ਕਮਿਸ਼ਨ ਵੱਲੋਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇੱਕੋ ਦਿਨ ਸਾਰੇ ਉਮੀਦਵਾਰ ਆਪਣੇ ਕਾਗਜ਼ ਦਾਖਲ ਕਰਨਗੇ, ਜਿਸ ਕਾਰਨ ਨਗਰ ਨਿਗਮ ਭਵਨ ਦੇ ਆਲੇ-ਦੁਆਲੇ ਸਿਆਸੀ ਚਲਹਲ ਬਣੀ ਰਹੇਗੀ।
ਜਰਨੈਲ ਸਿੰਘ ਦਾ ਵੱਡਾ ਐਲਾਨ
ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਖੁੱਲ੍ਹੇ ਤੌਰ ’ਤੇ ਐਲਾਨ ਕਰ ਦਿੱਤਾ ਕਿ ਪਾਰਟੀ ਚੰਡੀਗੜ੍ਹ ਮੇਅਰ ਦੀ ਚੋਣ ਇਕੱਲੀ ਹੀ ਲੜੇਗੀ। ਇਸ ਤੋਂ ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਆਪ ਅਤੇ ਕਾਂਗਰਸ ਵਿਚਾਲੇ ਗਠਜੋੜ ਹੋ ਸਕਦਾ ਹੈ, ਪਰ ਹੁਣ ਇਹ ਅਟਕਲਾਂ ਖਤਮ ਹੋ ਚੁੱਕੀਆਂ ਹਨ।
ਕਾਂਗਰਸ ਨੇ ਉਮੀਦਵਾਰਾਂ ਦਾ ਐਲਾਨ ਕੀਤਾ
ਕਾਂਗਰਸ ਪਾਰਟੀ ਪਹਿਲਾਂ ਹੀ ਆਪਣੇ ਉਮੀਦਵਾਰਾਂ ਦੇ ਨਾਮ ਜਨਤਕ ਕਰ ਚੁੱਕੀ ਹੈ। ਮੇਅਰ ਅਹੁਦੇ ਲਈ ਗੁਰਪ੍ਰੀਤ ਗਾਬੀ, ਸੀਨੀਅਰ ਡਿਪਟੀ ਮੇਅਰ ਲਈ ਸਚਿਨ ਗਾਲਿਬ ਅਤੇ ਡਿਪਟੀ ਮੇਅਰ ਲਈ ਨਿਰਮਲਾ ਦੇਵੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕਾਂਗਰਸ ਵੱਲੋਂ ਪੂਰੀ ਤਿਆਰੀ ਨਾਲ ਚੋਣ ਲੜਨ ਦੇ ਸੰਕੇਤ ਦਿੱਤੇ ਜਾ ਰਹੇ ਹਨ।
ਦਲ-ਬਦਲੀ ਦੇ ਡਰ ਕਾਰਨ ਆਪ ਨੇ ਚੁੱਕਿਆ ਵੱਡਾ ਕਦਮ
ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਆਪਣੇ ਕੌਂਸਲਰਾਂ ਦੀ ਦਲ-ਬਦਲੀ ਦਾ ਸ਼ੱਕ ਹੈ। ਇਸ ਕਾਰਨ ਪਾਰਟੀ ਦੇ ਸਾਰੇ 11 ਕੌਂਸਲਰਾਂ ਨੂੰ ਰੋਪੜ ਦੇ ਇੱਕ ਹੋਟਲ ਵਿੱਚ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਮੋਬਾਈਲ ਫੋਨ ਵੀ ਬੰਦ ਕਰਵਾਏ ਗਏ ਹਨ। ਸਿਰਫ਼ ਉਹੀ ਕੌਂਸਲਰ ਅੱਜ ਸ਼ਹਿਰ ਲਿਆਂਦੇ ਜਾਣਗੇ ਜੋ ਨਾਮਜ਼ਦਗੀ ਦਾਖਲ ਕਰਨ ਜਾਂ ਪ੍ਰਸਤਾਵਕ ਵਜੋਂ ਹਾਜ਼ਰ ਹੋਣਗੇ। ਚੋਣ ਮੁਕੰਮਲ ਹੋਣ ਤੱਕ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਬਾਹਰ ਹੀ ਰੱਖਣ ਦੀ ਯੋਜਨਾ ਬਣਾਈ ਗਈ ਹੈ।
ਪਹਿਲੀ ਵਾਰ ਹੱਥ ਖੜ੍ਹੇ ਕਰਕੇ ਹੋਵੇਗੀ ਵੋਟਿੰਗ
ਇਸ ਵਾਰ ਮੇਅਰ ਦੀ ਚੋਣ ਪ੍ਰਕਿਰਿਆ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਪਹਿਲੀ ਵਾਰ ਵੋਟਿੰਗ ਗੁਪਤ ਮਤਦਾਨ ਦੀ ਥਾਂ ਹੱਥ ਖੜ੍ਹੇ ਕਰਕੇ ਕਰਵਾਈ ਜਾਵੇਗੀ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਕਿ ਵੋਟਿੰਗ ਖੁੱਲ੍ਹੇ ਸਦਨ ਵਿੱਚ ਹੋਵੇਗੀ ਜਾਂ ਬੰਦ ਦਰਵਾਜ਼ਿਆਂ ਪਿੱਛੇ।
ਅੰਕੜਿਆਂ ਨੇ ਚੋਣ ਨੂੰ ਬਣਾਇਆ ਰੋਮਾਂਚਕ
ਨਗਰ ਨਿਗਮ ਵਿੱਚ ਕੁੱਲ 35 ਕੌਂਸਲਰ ਅਤੇ ਇੱਕ ਸੰਸਦ ਮੈਂਬਰ ਦੀ ਵੋਟ ਮੇਅਰ ਚੋਣ ਲਈ ਮਾਨਯੋਗ ਹੈ। ਮੇਅਰ ਬਣਨ ਲਈ ਘੱਟੋ-ਘੱਟ 19 ਵੋਟਾਂ ਦੀ ਲੋੜ ਹੁੰਦੀ ਹੈ। ਮੌਜੂਦਾ ਸਥਿਤੀ ਮੁਤਾਬਕ ਭਾਜਪਾ ਕੋਲ 18 ਕੌਂਸਲਰ ਹਨ, ਆਮ ਆਦਮੀ ਪਾਰਟੀ ਕੋਲ 11 ਅਤੇ ਕਾਂਗਰਸ ਕੋਲ ਛੇ ਕੌਂਸਲਰ ਹਨ। ਸੰਸਦ ਮੈਂਬਰ ਵੀ ਕਾਂਗਰਸ ਨਾਲ ਸਬੰਧਤ ਹੈ। ਜੇਕਰ ਕਾਂਗਰਸ ਅਤੇ ਆਪ ਇਕੱਠੇ ਹੁੰਦੇ ਤਾਂ ਗਿਣਤੀ ਬਰਾਬਰ ਹੋ ਸਕਦੀ ਸੀ, ਪਰ ਆਪ ਦੇ ਇਕੱਲੇ ਚੋਣ ਲੜਨ ਨਾਲ ਸਿਆਸੀ ਗਣਿਤ ਹੋਰ ਵੀ ਪੇਚੀਦਾ ਹੋ ਗਈ ਹੈ।
ਸਭ ਦੀ ਨਜ਼ਰ ਚੋਣੀ ਨਤੀਜੇ ’ਤੇ
ਚੰਡੀਗੜ੍ਹ ਮੇਅਰ ਦੀ ਇਹ ਚੋਣ ਸਿਰਫ਼ ਅਹੁਦੇ ਦੀ ਨਹੀਂ, ਸਗੋਂ ਪਾਰਟੀਆਂ ਦੀ ਸਿਆਸੀ ਤਾਕਤ ਦੀ ਅਸਲ ਕਸੌਟੀ ਮੰਨੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅੰਕੜਿਆਂ ਦੀ ਇਹ ਲੜਾਈ ਅਖ਼ੀਰ ਕਿਸ ਪਾਸੇ ਮੋੜ ਲੈਂਦੀ ਹੈ।

