ਮਹਿਲ ਕਲਾਂ :- ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਮਹਿਲ ਖੁਰਦ ਵਿੱਚ ਅੱਜ ਸਵੇਰੇ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ। ਸਵੇਰੇ ਕਰੀਬ 8 ਵਜੇ ਦੇ ਆਸ-ਪਾਸ ਇਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਬੱਸ ਵਿੱਚ ਸਵਾਰ ਲਗਭਗ 14 ਵਿਦਿਆਰਥੀ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਮੌਕੇ ’ਤੇ ਚੀਖ–ਪੁਕਾਰ ਮਚ ਗਈ ਅਤੇ ਸੜਕ ’ਤੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ।
ਪਿੰਡ ਵਾਸੀਆਂ ਨੇ ਤੁਰੰਤ ਬਚਾਅ ਕਾਰਵਾਈ ਚਲਾਈ
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਰਾਹਗੀਰਾਂ ਅਤੇ ਪਿੰਡ ਵਾਸੀਆਂ ਨੇ ਬਿਨਾਂ ਸਮਾਂ ਗੁਆਏ ਬੱਸ ਦੇ ਸ਼ੀਸ਼ੇ ਤੋੜ ਕੇ ਅੰਦਰ ਫਸੇ ਬੱਚਿਆਂ ਨੂੰ ਬਾਹਰ ਕੱਢਿਆ। ਜ਼ਖ਼ਮੀ ਵਿਦਿਆਰਥੀਆਂ ਨੂੰ ਤੁਰੰਤ ਕਮਿਊਨਟੀ ਹੈਲਥ ਸੈਂਟਰ ਮਹਿਲ ਕਲਾਂ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਦਿੱਤੀ ਗਈ।
ਦੋ ਵਿਦਿਆਰਥੀ ਬਰਨਾਲਾ ਰੈਫਰ
ਸੀ.ਐੱਚ.ਸੀ. ਮਹਿਲ ਕਲਾਂ ਦੀ ਐੱਸ.ਐੱਮ.ਓ. ਡਾ. ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਦੋ ਬੱਚਿਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਰੈਫਰ ਕੀਤਾ ਗਿਆ ਹੈ, ਜਦਕਿ ਬਾਕੀ ਵਿਦਿਆਰਥੀਆਂ ਦਾ ਇਲਾਜ ਸੀ.ਐੱਚ.ਸੀ. ਮਹਿਲ ਕਲਾਂ ਵਿੱਚ ਹੀ ਜਾਰੀ ਹੈ।
ਨਰਸਿੰਗ ਕਾਲਜ ਤੇ ਸਰਕਾਰੀ ਸਕੂਲ ਦੇ ਵਿਦਿਆਰਥੀ ਸਨ ਸਵਾਰ
ਹਾਦਸੇ ਵਿੱਚ ਜ਼ਖ਼ਮੀ ਹੋਏ ਬੱਚਿਆਂ ਵਿੱਚ ਇਕ ਨਿੱਜੀ ਨਰਸਿੰਗ ਕਾਲਜ ਅਤੇ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੇ ਵਿਦਿਆਰਥੀ ਸ਼ਾਮਲ ਹਨ। ਨਰਸਿੰਗ ਕਾਲਜ ਦੇ ਜ਼ਖ਼ਮੀ ਵਿਦਿਆਰਥੀਆਂ ਵਿੱਚ ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਮਨਦੀਪ ਕੌਰ (ਮਹਿਲ ਖੁਰਦ), ਅਨੁ ਰਾਣੀ (ਛਾਪਾ) ਅਤੇ ਨੇਹਾ ਕੌਰ (ਕੁਰੜ) ਸ਼ਾਮਲ ਹਨ।
ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੇ ਵਿਦਿਆਰਥੀਆਂ ਵਿੱਚ ਸੁਖਵੀਰ ਸਿੰਘ, ਮਹਿਕਪ੍ਰੀਤ ਕੌਰ, ਕਿਰਨਜੀਤ ਕੌਰ, ਰਮਨਦੀਪ ਕੌਰ, ਗਗਨਦੀਪ ਕੌਰ, ਖੁਸ਼ਦੀਪ ਕੌਰ, ਸੁਹਾਣਾ ਅਤੇ ਗਗਨਦੀਪ ਕੌਰ (ਸਾਰੇ ਪਿੰਡ ਪੰਡੋਰੀ ਤੋਂ) ਜ਼ਖ਼ਮੀ ਹੋਏ ਹਨ।
ਵਿਧਾਇਕ ਪੰਡੋਰੀ ਨੇ ਹਸਪਤਾਲ ਪਹੁੰਚ ਕੇ ਲਿਆ ਜਾਇਜ਼ਾ
ਘਟਨਾ ਦੀ ਸੂਚਨਾ ਮਿਲਣ ਉਪਰੰਤ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਸੀ.ਐੱਚ.ਸੀ. ਮਹਿਲ ਕਲਾਂ ਪਹੁੰਚੇ ਅਤੇ ਜ਼ਖ਼ਮੀ ਬੱਚਿਆਂ ਦਾ ਹਾਲ–ਚਾਲ ਜਾਣਿਆ। ਉਨ੍ਹਾਂ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਇਲਾਜ ਲਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਸੜਕ ਸੁਰੱਖਿਆ ਲਈ ਦਿੱਤਾ ਅਹਿਮ ਸੁਨੇਹਾ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਪੰਡੋਰੀ ਨੇ ਕਿਹਾ ਕਿ ਅੱਜ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ। ਉਨ੍ਹਾਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸੜਕਾਂ ਦੇ ਕਿਨਾਰਿਆਂ ’ਤੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਨਾ ਕੀਤਾ ਜਾਵੇ ਅਤੇ ਸਿਰਫ਼ ਆਪਣੀ ਮਾਲਕੀ ਵਾਲੀ ਜ਼ਮੀਨ ਦੀ ਹੀ ਵਰਤੋਂ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਕਈ ਆਗੂ ਹਸਪਤਾਲ ਪਹੁੰਚੇ
ਇਸ ਮੌਕੇ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਵੀ ਹਸਪਤਾਲ ਪਹੁੰਚ ਕੇ ਜ਼ਖ਼ਮੀ ਬੱਚਿਆਂ ਦਾ ਹਾਲ ਪੁੱਛਿਆ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਦੇ ਨਾਲ ਬੀ.ਸੀ. ਸੈੱਲ ਦੇ ਵਾਈਸ ਚੇਅਰਮੈਨ ਬਲਵੰਤ ਸਿੰਘ ਮਹਿਲ ਕਲਾਂ, ਤਜਿੰਦਰਦੇਵ ਸਿੰਘ ਮਿੰਟੂ, ਪੀ.ਏ. ਬਿੰਦਰ ਸਿੰਘ ਖਾਲਸਾ ਅਤੇ ਲਛਮਣ ਸਿੰਘ ਵਜੀਦਕੇ ਵੀ ਮੌਜੂਦ ਰਹੇ।
ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਪੂਰੇ ਇਲਾਕੇ ਵਿੱਚ ਇਸ ਘਟਨਾ ਕਾਰਨ ਦਹਿਸ਼ਤ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।

