ਅੰਮ੍ਰਿਤਸਰ :- ਅੱਡਾ ਢੰਡ ਇਲਾਕੇ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਪਿਛਲੇ 24 ਘੰਟਿਆਂ ਤੋਂ ਇੱਕ ਨੌਜਵਾਨ ਜ਼ਿਊਲਰ ਦਾ ਕੋਈ ਸੁਰਾਗ ਨਹੀਂ ਮਿਲਿਆ। ਲਾਪਤਾ ਨੌਜਵਾਨ ਦੀ ਪਹਿਚਾਣ ਅਮਰਜੀਤ ਸਿੰਘ ਵਜੋਂ ਹੋਈ ਹੈ, ਜੋ ਅੱਡਾ ਢੰਡ ਵਿਖੇ ਆਪਣੀ ਗਹਿਣਿਆਂ ਦੀ ਦੁਕਾਨ ਚਲਾਉਂਦਾ ਸੀ। ਦੁਕਾਨ ਤੋਂ ਕੁਝ ਹੀ ਦੂਰੀ ’ਤੇ ਸੜਕ ਕਿਨਾਰੇ ਇੱਕ ਮੋਟਰਸਾਈਕਲ ਸਵਾਰ ਉਸਨੂੰ ਆਪਣੇ ਨਾਲ ਬਿਠਾ ਕੇ ਲੈ ਗਿਆ, ਜਿਸ ਤੋਂ ਬਾਅਦ ਅਮਰਜੀਤ ਸਿੰਘ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਹੈ।
24 ਘੰਟੇ ਬੀਤਣ ਬਾਵਜੂਦ ਨਹੀਂ ਮਿਲਿਆ ਕੋਈ ਸੁਰਾਗ
ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਦੇ ਲਾਪਤਾ ਹੋਏ ਪੂਰੇ 24 ਘੰਟੇ ਤੋਂ ਵੱਧ ਸਮਾਂ ਲੰਘ ਚੁੱਕਾ ਹੈ, ਪਰ ਅਜੇ ਤੱਕ ਉਸ ਬਾਰੇ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ।
ਸੀ.ਸੀ.ਟੀ.ਵੀ ਫੁਟੇਜ ਨੇ ਵਧਾਈ ਚਿੰਤਾ
ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਦੌਰਾਨ ਇੱਕ ਹੈਰਾਨ ਕਰਨ ਵਾਲੀ ਫੁਟੇਜ ਸਾਹਮਣੇ ਆਈ ਹੈ। ਫੁਟੇਜ ਵਿੱਚ ਇੱਕ ਮੋਟਰਸਾਈਕਲ ਸਵਾਰ ਨਜ਼ਰ ਆ ਰਿਹਾ ਹੈ, ਜਿਸ ਨੇ ਆਪਣਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਹੈ। ਉਹ ਸੜਕ ਤੋਂ ਅਮਰਜੀਤ ਸਿੰਘ ਨੂੰ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਲੈ ਜਾਂਦਾ ਦਿੱਸ ਰਿਹਾ ਹੈ, ਜਦਕਿ ਉਸ ਦੇ ਪਿੱਛੇ ਇੱਕ ਕਾਰ ਵੀ ਚੱਲ ਰਹੀ ਹੈ। ਇਸ ਦ੍ਰਿਸ਼ ਨੇ ਅਗਵਾ ਦੀ ਸ਼ੰਕਾ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ।
ਧਮਕੀਆਂ ਮਿਲਣ ਦੀ ਗੱਲ ਆਈ ਸਾਹਮਣੇ
ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਲਾਪਤਾ ਹੋਣ ਤੋਂ ਦੋ ਦਿਨ ਪਹਿਲਾਂ ਅਮਰਜੀਤ ਸਿੰਘ ਨੂੰ ਫੋਨ ਰਾਹੀਂ ਧਮਕੀਆਂ ਮਿਲੀਆਂ ਸਨ। ਇਸ ਸਬੰਧੀ ਪਰਿਵਾਰ ਵੱਲੋਂ ਪਹਿਲਾਂ ਹੀ ਪੁਲਸ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਇਹ ਘਟਨਾ ਸਿਰਫ਼ ਗੁੰਮਸ਼ੁਦਗੀ ਨਹੀਂ, ਸਗੋਂ ਪੂਰਵ ਯੋਜਨਾ ਅਧੀਨ ਅਗਵਾ ਹੋ ਸਕਦੀ ਹੈ।
ਪੁਲਸ ਵੱਲੋਂ ਹਰ ਪੱਖੋਂ ਜਾਂਚ ਜਾਰੀ
ਸਰਾਏ ਅਮਾਨਤ ਖਾਂ ਪੁਲਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਫੋਨ ਲੋਕੇਸ਼ਨ, ਸੀ.ਸੀ.ਟੀ.ਵੀ ਫੁਟੇਜ ਅਤੇ ਹੋਰ ਤਕਨੀਕੀ ਸਾਧਨਾਂ ਦੀ ਮਦਦ ਨਾਲ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਦਾ ਬਿਆਨ
ਡੀ.ਐੱਸ.ਪੀ ਸੁਖਬੀਰ ਸਿੰਘ ਅਤੇ ਥਾਣਾ ਮੁਖੀ ਬਲਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਲਾਪਤਾ ਨੌਜਵਾਨ ਸਬੰਧੀ ਸਾਰੇ ਸੰਭਾਵੀ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਅੱਗੇ ਵਧਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਕੋਣ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮਾਮਲੇ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਅਤੇ ਅਣਸ਼ਚਿੱਤਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਦਕਿ ਪਰਿਵਾਰ ਹਰ ਲੰਘਦੇ ਪਲ ਨਾਲ ਆਪਣੇ ਪੁੱਤਰ ਦੀ ਸਲਾਮਤੀ ਲਈ ਦੁਆ ਕਰ ਰਿਹਾ ਹੈ।

