ਚੰਡੀਗੜ੍ਹ :- ਪੰਜਾਬ ਵਿੱਚ ਵਧ ਰਹੀ ਗੈਂਗਸਟਰਵਾਦੀ ਸਰਗਰਮੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਪੰਜਾਬ ਪੁਲਿਸ ਨੇ ਸੂਬਾ ਪੱਧਰੀ ਵੱਡੀ ਕਾਰਵਾਈ ਦੀ ਸ਼ੁਰੂਆਤ ਕਰ ਦਿੱਤੀ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਗੈਂਗਸਟਰਾਂ ਵਿਰੁੱਧ ‘War on Gangsters’ ਮੁਹਿੰਮ ਦਾ ਐਲਾਨ ਕਰਦਿਆਂ 72 ਘੰਟਿਆਂ ਦੇ ਖ਼ਾਸ ਆਪ੍ਰੇਸ਼ਨ ‘ਪ੍ਰਹਾਰ’ ਦੀ ਸ਼ੁਰੂਆਤ ਕੀਤੀ।
12 ਹਜ਼ਾਰ ਪੁਲਿਸ ਮੁਲਾਜ਼ਮ ਮੈਦਾਨ ਵਿੱਚ ਉਤਰੇ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ 20 ਜਨਵਰੀ ਤੋਂ ਸੂਬੇ ਭਰ ਵਿੱਚ 2 ਹਜ਼ਾਰ ਵਿਸ਼ੇਸ਼ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਕੁੱਲ 12 ਹਜ਼ਾਰ ਤੋਂ ਵੱਧ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹਨ। ਇਹ ਟੀਮਾਂ ਗੈਂਗਸਟਰਾਂ, ਉਨ੍ਹਾਂ ਦੇ ਸਰਗਰਮ ਸਾਥੀਆਂ ਅਤੇ ਅਪਰਾਧ ਨਾਲ ਜੁੜੇ ਪਰਿਵਾਰਕ ਮੈਂਬਰਾਂ ਦੀ ਵਿਆਪਕ ਜਾਂਚ ਕਰਨਗੀਆਂ।
ਮੁੱਖ ਮੰਤਰੀ ਦੇ ਨਿਰਦੇਸ਼ਾਂ ਅਧੀਨ ਕਾਰਵਾਈ
ਡੀਜੀਪੀ ਨੇ ਸਪਸ਼ਟ ਕੀਤਾ ਕਿ ਇਹ ਮੁਹਿੰਮ ਮੁੱਖ ਮੰਤਰੀ ਭਗਵੰਤ ਮਾਨ ਦੇ ਸਿੱਧੇ ਨਿਰਦੇਸ਼ਾਂ ਤਹਿਤ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਗੈਂਗਸਟਰਵਾਦ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਹੈ ਅਤੇ ਹੁਣ ਅਪਰਾਧੀਆਂ ਲਈ ਸੂਬੇ ਵਿੱਚ ਕੋਈ ਥਾਂ ਨਹੀਂ ਬਚੀ।
ਗੈਂਗਸਟਰ ਨੈੱਟਵਰਕ ਤੋੜਨ ਦਾ ਟੀਚਾ
ਪੁਲਿਸ ਮੁਖੀ ਅਨੁਸਾਰ ਜਾਣਕਾਰੀ ਦੇ ਆਧਾਰ ‘ਤੇ ਲਗਭਗ 60 ਗੈਂਗਸਟਰ ਵਿਦੇਸ਼ਾਂ ਵਿੱਚ ਬੈਠੇ ਹੋਏ ਹਨ, ਜਦਕਿ ਉਨ੍ਹਾਂ ਨਾਲ ਜੁੜੇ ਕਰੀਬ 1200 ਸਾਥੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਕਰੀਬ 600 ਅਜਿਹੇ ਪਰਿਵਾਰਕ ਮੈਂਬਰ ਵੀ ਮੈਪ ਕੀਤੇ ਗਏ ਹਨ, ਜਿਨ੍ਹਾਂ ਦੀ ਭੂਮਿਕਾ ਅਪਰਾਧਿਕ ਗਤੀਵਿਧੀਆਂ ਨਾਲ ਜੁੜੀ ਹੋ ਸਕਦੀ ਹੈ।
ਹਰ ਸ਼ੱਕੀ ਵਿਅਕਤੀ ਦੀ ਹੋਵੇਗੀ ਡੂੰਘੀ ਜਾਂਚ
ਡੀਜੀਪੀ ਨੇ ਕਿਹਾ ਕਿ ਆਪ੍ਰੇਸ਼ਨ ਦੌਰਾਨ ਹਰ ਉਸ ਵਿਅਕਤੀ ਦੀ ਪੜਤਾਲ ਕੀਤੀ ਜਾਵੇਗੀ, ਜਿਸ ‘ਤੇ ਅਪਰਾਧਿਕ ਸਰਗਰਮੀ ਨਾਲ ਜੁੜਨ ਦਾ ਸ਼ੱਕ ਹੈ। ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਨੌਜਵਾਨਾਂ ਲਈ ਆਖ਼ਰੀ ਚੇਤਾਵਨੀ
ਗੌਰਵ ਯਾਦਵ ਨੇ ਨੌਜਵਾਨਾਂ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਇਹ ਮੁੱਖ ਧਾਰਾ ਵਿੱਚ ਵਾਪਸੀ ਲਈ ਆਖ਼ਰੀ ਮੌਕਾ ਹੈ। ਜੇ ਕੋਈ ਅਜੇ ਵੀ ਗੈਂਗਸਟਰ ਗਤੀਵਿਧੀਆਂ ਦਾ ਹਿੱਸਾ ਬਣਿਆ ਰਹਿੰਦਾ ਹੈ ਤਾਂ ਉਸ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਿਪਟਿਆ ਜਾਵੇਗਾ।
ਜਨਤਾ ਲਈ ਹੈਲਪਲਾਈਨ ਨੰਬਰ ਜਾਰੀ
ਪੁਲਿਸ ਵੱਲੋਂ ਗੈਂਗਸਟਰਾਂ ਸੰਬੰਧੀ ਜਾਣਕਾਰੀ ਦੇਣ ਲਈ ਖ਼ਾਸ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ, ਤਾਂ ਜੋ ਆਮ ਲੋਕ ਬਿਨਾਂ ਡਰ ਦੇ ਪੁਲਿਸ ਤੱਕ ਸੂਚਨਾ ਪਹੁੰਚਾ ਸਕਣ।
ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ‘ਆਪ੍ਰੇਸ਼ਨ ਪ੍ਰਹਾਰ’ ਸਿਰਫ਼ 72 ਘੰਟਿਆਂ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਜਦ ਤੱਕ ਗੈਂਗਸਟਰਵਾਦ ਦੀ ਜੜ੍ਹ ਪੂਰੀ ਤਰ੍ਹਾਂ ਨਾ ਉਖੜੇ, ਤਦ ਤੱਕ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।

