ਲਗਾਤਾਰ ਸੱਟਾਂ ਨੇ ਛੀਣ ਲਿਆ ਕੋਰਟ ਦਾ ਸਫ਼ਰ
ਸਾਇਨਾ ਨੇਹਵਾਲ ਪਿਛਲੇ ਲਗਭਗ ਦੋ ਸਾਲਾਂ ਤੋਂ ਕੋਰਟ ਤੋਂ ਦੂਰ ਰਹੀ। ਗੋਡੇ ਦੀ ਗੰਭੀਰ ਸੱਟ ਨੇ ਉਨ੍ਹਾਂ ਦੇ ਕਰੀਅਰ ਨੂੰ ਬਹੁਤ ਪ੍ਰਭਾਵਿਤ ਕੀਤਾ। ਇੱਕ ਪੌਡਕਾਸਟ ਦੌਰਾਨ ਆਪਣੇ ਮਨ ਦੀ ਗੱਲ ਸਾਂਝੀ ਕਰਦਿਆਂ ਸਾਇਨਾ ਨੇ ਦੱਸਿਆ ਕਿ ਉਨ੍ਹਾਂ ਦੇ ਗੋਡਿਆਂ ਦੀ ਹਾਲਤ ਹੁਣ ਕਾਫ਼ੀ ਖਰਾਬ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਗਠੀਆ (Arthritis) ਦੀ ਸਮੱਸਿਆ ਵੀ ਹੋ ਗਈ ਹੈ।
ਸਰੀਰ ਹੁਣ ਉੱਚ ਪੱਧਰੀ ਟ੍ਰੇਨਿੰਗ ਸਹਾਰ ਨਹੀਂ ਸਕਦਾ
ਸਾਇਨਾ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲਾ ਕਰਨ ਲਈ ਹਰ ਰੋਜ਼ 8 ਤੋਂ 9 ਘੰਟੇ ਤੱਕ ਸਖ਼ਤ ਟ੍ਰੇਨਿੰਗ ਲਾਜ਼ਮੀ ਹੁੰਦੀ ਹੈ, ਪਰ ਹੁਣ ਉਨ੍ਹਾਂ ਦਾ ਸਰੀਰ ਇਹ ਬੋਝ ਸਹਿਣ ਦੇ ਯੋਗ ਨਹੀਂ ਰਿਹਾ। ਉਨ੍ਹਾਂ ਦੱਸਿਆ ਕਿ ਕੇਵਲ 1 ਤੋਂ 2 ਘੰਟੇ ਦੀ ਪ੍ਰੈਕਟਿਸ ਤੋਂ ਬਾਅਦ ਹੀ ਗੋਡਾ ਸੁੱਜ ਜਾਂਦਾ ਹੈ, ਜਿਸ ਕਾਰਨ ਖੇਡ ਜਾਰੀ ਰੱਖਣਾ ਮੁਮਕਿਨ ਨਹੀਂ ਰਹਿਆ।
ਭਾਰਤੀ ਖੇਡ ਇਤਿਹਾਸ ਦਾ ਸੁਨਹਿਰਾ ਅਧਿਆਇ
ਸਾਇਨਾ ਨੇਹਵਾਲ ਦਾ ਨਾਮ ਭਾਰਤੀ ਖੇਡ ਇਤਿਹਾਸ ਵਿੱਚ ਹਮੇਸ਼ਾ ਸੋਨੇ ਦੇ ਅੱਖਰਾਂ ਨਾਲ ਲਿਖਿਆ ਜਾਵੇਗਾ। ਸਾਲ 2012 ਦੇ ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਉਨ੍ਹਾਂ ਨੇ ਦੇਸ਼ ਨੂੰ ਗੌਰਵ ਮਹਿਸੂਸ ਕਰਵਾਇਆ। ਉਹ ਦੁਨੀਆ ਦੀ ਨੰਬਰ-1 ਬੈਡਮਿੰਟਨ ਖਿਡਾਰਨ ਬਣਨ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਰਹੀ ਹੈ।
ਤਗਮਿਆਂ ਨਾਲ ਭਰਪੂਰ ਰਿਹਾ ਕਰੀਅਰ
ਸਾਇਨਾ ਨੇ 2017 ਦੀ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। 2018 ਦੀ ਰਾਸ਼ਟਰਮੰਡਲ ਖੇਡਾਂ ਵਿੱਚ ਉਨ੍ਹਾਂ ਨੇ ਸੋਨੇ ਦਾ ਤਗਮਾ ਹਾਸਲ ਕਰਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦਾ ਆਖ਼ਰੀ ਅੰਤਰਰਾਸ਼ਟਰੀ ਮੁਕਾਬਲਾ ਸਾਲ 2023 ਵਿੱਚ ਸਿੰਗਾਪੁਰ ਓਪਨ ਦੌਰਾਨ ਰਿਹਾ।
ਬਿਨਾਂ ਰਸਮੀ ਐਲਾਨ ਦੇ ਹੀ ਦੂਰ ਹੋ ਗਈ ਸੀ ਕੋਰਟ ਤੋਂ
ਸਾਇਨਾ ਨੇ ਕਿਹਾ ਕਿ ਉਨ੍ਹਾਂ ਨੂੰ ਸੰਨਿਆਸ ਲਈ ਕਿਸੇ ਵੱਡੀ ਰਸਮੀ ਘੋਸ਼ਣਾ ਦੀ ਲੋੜ ਮਹਿਸੂਸ ਨਹੀਂ ਹੋਈ। ਮੈਦਾਨ ਤੋਂ ਲੰਬੀ ਗੈਰਹਾਜ਼ਰੀ ਹੀ ਇਸ ਗੱਲ ਦਾ ਇਸ਼ਾਰਾ ਦੇ ਰਹੀ ਸੀ ਕਿ ਕਰੀਅਰ ਆਪਣੇ ਅੰਤ ਵੱਲ ਹੈ। ਉਨ੍ਹਾਂ ਕਿਹਾ ਕਿ ਜਿਵੇਂ ਖੇਡ ਦੀ ਸ਼ੁਰੂਆਤ ਆਪਣੇ ਫੈਸਲੇ ਨਾਲ ਕੀਤੀ ਸੀ, ਉਸੇ ਤਰ੍ਹਾਂ ਹੁਣ ਆਪਣੀ ਮਰਜ਼ੀ ਨਾਲ ਹੀ ਇਸਨੂੰ ਅਲਵਿਦਾ ਕਹਿ ਰਹੀ ਹਾਂ।
ਭਾਰਤੀ ਬੈਡਮਿੰਟਨ ਦੀ ਪ੍ਰੇਰਣਾ ਬਣੀ ਸਾਇਨਾ
ਸਾਇਨਾ ਨੇਹਵਾਲ ਨੇ ਭਾਰਤ ਵਿੱਚ ਮਹਿਲਾ ਬੈਡਮਿੰਟਨ ਨੂੰ ਨਵੀਂ ਪਛਾਣ ਦਿੱਤੀ। ਉਨ੍ਹਾਂ ਦੀ ਕਾਮਯਾਬੀ ਨੇ ਪੀ.ਵੀ. ਸਿੰਧੂ ਸਮੇਤ ਅਨੇਕਾਂ ਨੌਜਵਾਨ ਖਿਡਾਰੀਆਂ ਲਈ ਰਾਹ ਖੋਲ੍ਹਿਆ। ਸੰਨਿਆਸ ਭਾਵੇਂ ਆ ਗਿਆ ਹੋਵੇ, ਪਰ ਸਾਇਨਾ ਦਾ ਯੋਗਦਾਨ ਭਾਰਤੀ ਖੇਡਾਂ ਵਿੱਚ ਸਦਾ ਯਾਦ ਰੱਖਿਆ ਜਾਵੇਗਾ।