ਲੁਧਿਆਣਾ :- ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਇਲਾਕੇ ਅਧੀਨ ਪੈਂਦੇ ਪਿੰਡ ਸ਼ੇਰੇਵਾਲ ਤੋਂ ਨਸ਼ੇ ਦੀ ਉਹ ਦਰਦਨਾਕ ਕਹਾਣੀ ਸਾਹਮਣੇ ਆਈ ਹੈ, ਜਿਸ ਨੇ ਪੂਰੇ ਪੰਜਾਬ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਨਸ਼ੇ ਦੀ ਲਤ ਨੇ ਸਿਰਫ 13 ਸਾਲਾਂ ਦੇ ਅੰਦਰ ਇੱਕ ਖੁਸ਼ਹਾਲ ਪਰਿਵਾਰ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ। ਪਿਤਾ ਸਮੇਤ ਛੇ ਪੁੱਤਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਘਰ ਵਿੱਚ ਸਿਰਫ ਇਕ ਬਜ਼ੁਰਗ ਮਾਂ, ਤਿੰਨ ਵਿਧਵਾ ਨੂੰਹਾਂ ਅਤੇ ਕੁਝ ਨੰਨੇ ਬੱਚੇ ਹੀ ਬਚੇ ਹਨ।
13 ਸਾਲਾਂ ਵਿੱਚ ਇਕੋ ਪਰਿਵਾਰ ’ਚ ਸੱਤ ਮੌਤਾਂ
ਪ੍ਰਾਪਤ ਜਾਣਕਾਰੀ ਅਨੁਸਾਰ ਸਭ ਤੋਂ ਪਹਿਲਾਂ ਸਾਲ 2012 ਵਿੱਚ ਪਰਿਵਾਰ ਦੇ ਮੁਖੀ ਮੁਖਤਿਆਰ ਸਿੰਘ ਦੀ ਮੌਤ ਹੋਈ। ਦੱਸਿਆ ਗਿਆ ਕਿ ਵੱਧ ਸ਼ਰਾਬ ਸੇਵਨ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸੇ ਸਾਲ ਘਰ ਦੇ ਇਕ ਹੋਰ ਪੁੱਤਰ ਦੀ ਵੀ ਨਸ਼ੇ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਨਸ਼ੇ ਨੇ ਘਰ ਦੀ ਜੜ੍ਹਾਂ ਤੱਕ ਵਾਰ ਕਰਦਿਆਂ ਇੱਕ-ਇੱਕ ਕਰਕੇ ਹੋਰ ਪੰਜ ਨੌਜਵਾਨਾਂ ਦੀ ਜਾਨ ਲੈ ਲਈ।
25 ਸਾਲਾ ਜਸਵੀਰ ਦੀ ਮੌਤ ਨਾਲ ਟੁੱਟਿਆ ਪਰਿਵਾਰ ਦਾ ਆਖਰੀ ਆਸਰਾ
ਪਰਿਵਾਰ ’ਚ ਸੱਤਵੀਂ ਅਤੇ ਤਾਜ਼ਾ ਮੌਤ 25 ਸਾਲਾ ਜਸਵੀਰ ਸਿੰਘ ਦੀ ਹੋਈ ਹੈ। ਜਸਵੀਰ ਆਪਣੇ ਭਰਾਵਾਂ ਵਿੱਚ ਸਭ ਤੋਂ ਛੋਟਾ ਸੀ ਅਤੇ ਪਰਿਵਾਰ ਲਈ ਆਖਰੀ ਆਸ ਮੰਨਿਆ ਜਾ ਰਿਹਾ ਸੀ। ਉਸ ਦੀ ਮੌਤ ਤੋਂ ਬਾਅਦ ਇਹ ਘਰ ਪੂਰੀ ਤਰ੍ਹਾਂ ਸੁੰਨ ਹੋ ਗਿਆ ਹੈ।
ਬਜ਼ੁਰਗ ਮਾਂ ਛਿੰਦਰ ਕੌਰ ਦਾ ਰੋ-ਰੋ ਕੇ ਬੁਰਾ ਹਾਲ
ਘਰ ਵਿੱਚ ਹੁਣ ਸਿਰਫ ਮਾਤਾ ਛਿੰਦਰ ਕੌਰ ਬਚੀ ਹੈ, ਜੋ ਆਪਣੀਆਂ ਤਿੰਨ ਵਿਧਵਾ ਨੂੰਹਾਂ, ਦੋ ਪੋਤਿਆਂ ਅਤੇ ਇਕ ਪੋਤੀ ਨਾਲ ਰਹਿ ਰਹੀ ਹੈ। ਬੁੱਢੀ ਮਾਂ ਦਾ ਕਹਿਣਾ ਹੈ ਕਿ ਨਸ਼ੇ ਨੇ ਉਸ ਤੋਂ ਉਸਦੀ ਸਾਰੀ ਦੁਨੀਆ ਛੀਨ ਲਈ। ਹੁਣ ਉਹ ਸਿਰਫ ਆਪਣੇ ਮਰੇ ਪੁੱਤਰਾਂ ਲਈ ਇਨਸਾਫ ਦੀ ਗੁਹਾਰ ਲਾ ਰਹੀ ਹੈ।
ਪਿੰਡ ਵਾਸੀਆਂ ਦਾ ਗੰਭੀਰ ਦੋਸ਼ — ਇਲਾਕੇ ’ਚ ਖੁੱਲ੍ਹੇਆਮ ਵਿਕਦਾ ਨਸ਼ਾ
ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਇਲਾਕੇ ਵਿੱਚ ਨਸ਼ਾ ਬੇਰੋਕਟੋਕ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੁੰਦੀ, ਜਿਸ ਕਾਰਨ ਨੌਜਵਾਨ ਲਗਾਤਾਰ ਨਸ਼ੇ ਦੀ ਭੇਟ ਚੜ੍ਹ ਰਹੇ ਹਨ।
ਪੁਲਿਸ ਕਾਰਵਾਈ ’ਤੇ ਉਠੇ ਸਵਾਲ
ਪਿੰਡ ਨਾਲ ਲੱਗਦੀ ਪੁਲਿਸ ਚੌਂਕੀ ਗਿੱਦੜਵਿੰਡੀ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਕਿਹਾ ਕਿ ਜਸਵੀਰ ਸਿੰਘ ਦੀ ਮੌਤ ਨਸ਼ੇ ਕਾਰਨ ਹੋਈ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ।
ਇੱਕ ਵਿਅਕਤੀ ਗ੍ਰਿਫਤਾਰ, ਇਕ ਔਰਤ ਫਰਾਰ
ਪਰਿਵਾਰ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਨਸ਼ਾ ਮੁਹੱਈਆ ਕਰਵਾਉਣ ਵਾਲਿਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇਕ ਔਰਤ ਅਜੇ ਫਰਾਰ ਦੱਸੀ ਜਾ ਰਹੀ ਹੈ।
ਨਸ਼ੇ ਖਿਲਾਫ ਸਰਕਾਰੀ ਦਾਅਵਿਆਂ ’ਤੇ ਵੱਡਾ ਸਵਾਲ
ਇੱਕ ਹੀ ਪਰਿਵਾਰ ਵਿੱਚ ਹੋਈਆਂ ਸੱਤ ਮੌਤਾਂ ਨੇ ਪੰਜਾਬ ਵਿੱਚ ਨਸ਼ੇ ਖਿਲਾਫ ਚੱਲ ਰਹੀ ਮੁਹਿੰਮ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਸ਼ੇਰੇਵਾਲ ਪਿੰਡ ਦੀ ਇਹ ਤ੍ਰਾਸਦੀ ਸਿਰਫ ਇਕ ਪਰਿਵਾਰ ਦੀ ਕਹਾਣੀ ਨਹੀਂ, ਸਗੋਂ ਪੰਜਾਬ ਦੇ ਨੌਜਵਾਨਾਂ ਦੀ ਬਰਬਾਦੀ ਦੀ ਜਿੰਦਾ ਤਸਵੀਰ ਬਣ ਚੁੱਕੀ ਹੈ।

