ਗੁਰਦਾਸਪੁਰ :- ਮਹਾਨ ਤਪਸਵੀ ਯੋਗਰਾਜ ਸਤਿਗੁਰੂ ਸ੍ਰੀ ਬਾਬਾ ਲਾਲ ਦਿਆਲ ਜੀ ਦੀ 671ਵੀਂ ਜਯੰਤੀ ਦੇ ਮੌਕੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਜ਼ਿਲ੍ਹਾ ਗੁਰਦਾਸਪੁਰ ਅੰਦਰ 20 ਜਨਵਰੀ ਨੂੰ ਸਰਕਾਰੀ ਛੁੱਟੀ ਘੋਸ਼ਿਤ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਸਰਕਾਰੀ ਪੱਧਰ ’ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਲੰਬੇ ਸਮੇਂ ਤੋਂ ਚੱਲ ਰਹੀ ਮੰਗ ਹੋਈ ਪੂਰੀ
ਸਤਿਗੁਰੂ ਬਾਬਾ ਲਾਲ ਦਿਆਲ ਜੀ ਦੀ ਜਯੰਤੀ ਹਰ ਸਾਲ ਭਾਰੀ ਸ਼ਰਧਾ ਅਤੇ ਆਸਥਾ ਨਾਲ ਮਨਾਈ ਜਾਂਦੀ ਹੈ। ਸ਼ਰਧਾਲੂਆਂ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਦਿਨ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਰਕਾਰੀ ਛੁੱਟੀ ਐਲਾਨੀ ਜਾਵੇ, ਤਾਂ ਜੋ ਵੱਡੀ ਗਿਣਤੀ ਵਿੱਚ ਸੰਗਤ ਧਾਰਮਿਕ ਸਮਾਗਮਾਂ ਵਿੱਚ ਸ਼ਾਮਿਲ ਹੋ ਸਕੇ।
ਰਮਨ ਬਹਿਲ ਦੀ ਅਗਵਾਈ ਹੇਠ ਭੇਜਿਆ ਗਿਆ ਸੀ ਮੰਗ ਪੱਤਰ
ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਰਮਨ ਬਹਿਲ ਦੀ ਅਗਵਾਈ ਹੇਠ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ ਸੀ। ਸਰਕਾਰ ਵੱਲੋਂ ਇਸ ਮੰਗ ’ਤੇ ਵਿਚਾਰ ਕਰਦੇ ਹੋਏ ਛੁੱਟੀ ਦਾ ਫੈਸਲਾ ਲਿਆ ਗਿਆ।
ਛੁੱਟੀ ਦੇ ਐਲਾਨ ਲਈ ਸਰਕਾਰ ਦਾ ਧੰਨਵਾਦ – ਰਮਨ ਬਹਿਲ
ਇਸ ਮੌਕੇ ਰਮਨ ਬਹਿਲ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ਰਧਾਲੂਆਂ ਦੀ ਭਾਵਨਾ ਨੂੰ ਸਮਝਦਿਆਂ ਇਕ ਇਤਿਹਾਸਕ ਤੇ ਸਰਾਹਣਯੋਗ ਕਦਮ ਚੁੱਕਿਆ ਹੈ।
ਵਿਧਾਇਕਾਂ ਅਤੇ ਪਾਰਟੀ ਆਗੂਆਂ ਪ੍ਰਤੀ ਵੀ ਕੀਤਾ ਧੰਨਵਾਦ ਪ੍ਰਗਟ
ਰਮਨ ਬਹਿਲ ਨੇ ਇਸ ਫੈਸਲੇ ਲਈ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੇਰੀ ਕਲਸੀ, ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਵਿਧਾਇਕ ਅਮਰਪਾਲ ਸਿੰਘ, ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਸ਼ਮਸ਼ੇਰ ਸਿੰਘ, ਬਲਬੀਰ ਸਿੰਘ ਪੰਨੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੋਬਨ ਰੰਧਾਵਾ ਦਾ ਵੀ ਧੰਨਵਾਦ ਕੀਤਾ।
ਪਹਿਲਾਂ ਵੀ 2023 ਵਿੱਚ ਮਿਲ ਚੁੱਕੀ ਸੀ ਛੁੱਟੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2023 ਵਿੱਚ ਵੀ ਸਤਿਗੁਰੂ ਬਾਬਾ ਲਾਲ ਦਿਆਲ ਜੀ ਦੀ ਜਯੰਤੀ ਮੌਕੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਇਸ ਵਾਰ ਮੁੜ ਛੁੱਟੀ ਦੇ ਐਲਾਨ ਨਾਲ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਧਾਰਮਿਕ ਸੰਸਥਾਵਾਂ ਵੱਲੋਂ ਸਰਕਾਰ ਦੇ ਫੈਸਲੇ ਦਾ ਸਵਾਗਤ
ਇਸ ਮੌਕੇ ਸ਼੍ਰੀ ਲਾਲ ਦਵਾਰਾ ਮੰਦਰ ਚੈਰੀਟੇਬਲ ਸੋਸਾਇਟੀ (ਰਜਿ:) ਗੁਰਦਾਸਪੁਰ ਨਾਲ ਜੁੜੇ ਸੇਵਾਦਾਰ ਯੋਗੇਸ਼ ਸ਼ਰਮਾ, ਸੂਰਜ ਸੂਰੀ, ਅਮਨ ਸ਼ਰਮਾ, ਰਕੇਸ਼ ਮਹਾਜਨ, ਤਿਲਕ ਰਾਜ, ਬਲਬੀਰ ਸ਼ਰਮਾ, ਰਜਿੰਦਰ ਸ਼ਰਮਾ, ਰਜਿੰਦਰ ਮਹਾਜਨ ਅਤੇ ਨਵੀਨ ਕਾਲੀਆ ਸਮੇਤ ਹੋਰ ਸ਼ਰਧਾਲੂ ਹਾਜ਼ਰ ਰਹੇ, ਜਿਨ੍ਹਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਖੁਲ ਕੇ ਸਵਾਗਤ ਕੀਤਾ।

