ਮਹਿਲ ਕਲਾਂ :- ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਗੁਰਮ ਤੋਂ ਕੈਨੇਡਾ ਗਏ 24 ਸਾਲਾ ਨੌਜਵਾਨ ਰਾਜਪ੍ਰੀਤ ਸਿੰਘ ਦੀ ਅਚਾਨਕ ਮੌਤ ਦੀ ਖ਼ਬਰ ਨਾਲ ਪੂਰੇ ਪਿੰਡ ਵਿੱਚ ਗ਼ਮ ਦਾ ਮਾਹੌਲ ਬਣ ਗਿਆ ਹੈ। ਨੌਜਵਾਨ ਦੀ ਮੌਤ ਦੀ ਪੁਸ਼ਟੀ ਮਿਲਦੇ ਹੀ ਪਰਿਵਾਰ ਸਮੇਤ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ’ਚ ਸੋਗ ਦੀ ਲਹਿਰ ਦੌੜ ਗਈ।
ਸਟੱਡੀ ਵੀਜ਼ੇ ’ਤੇ ਗਿਆ ਸੀ ਕੈਨੇਡਾ
ਮ੍ਰਿਤਕ ਦੇ ਮਾਪਿਆਂ ਕੁਲਵੰਤ ਸਿੰਘ ਅਤੇ ਬਲਜਿੰਦਰ ਕੌਰ ਨੇ ਦੱਸਿਆ ਕਿ ਉਹ ਇੱਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਹਨ। ਆਪਣੇ ਇਕਲੌਤੇ ਪੁੱਤਰ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਉਨ੍ਹਾਂ ਨੇ ਕਰੀਬ 18 ਲੱਖ ਰੁਪਏ ਕਰਜ਼ਾ ਲੈ ਕੇ ਅਪ੍ਰੈਲ 2024 ਵਿੱਚ ਰਾਜਪ੍ਰੀਤ ਸਿੰਘ ਨੂੰ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜਿਆ ਸੀ। ਨੌਜਵਾਨ ਉੱਥੇ ਬਰੈਂਪਟਨ ਵਿੱਚ ਪੜ੍ਹਾਈ ਕਰ ਰਿਹਾ ਸੀ ਅਤੇ ਸਰੀ ਸ਼ਹਿਰ ਵਿੱਚ ਰਹਿੰਦਾ ਸੀ।
17 ਜਨਵਰੀ ਨੂੰ ਮਿਲੀ ਮੌਤ ਦੀ ਸੂਚਨਾ
ਪਰਿਵਾਰ ਨੇ ਦੱਸਿਆ ਕਿ 17 ਜਨਵਰੀ ਨੂੰ ਵਿਦੇਸ਼ ਰਹਿੰਦੇ ਇੱਕ ਰਿਸ਼ਤੇਦਾਰ ਦੇ ਫ਼ੋਨ ਰਾਹੀਂ ਇਹ ਦੁਖਦਾਈ ਜਾਣਕਾਰੀ ਮਿਲੀ ਕਿ ਰਾਜਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਬਾਰੇ ਹੁਣ ਤੱਕ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ।
ਪਰਿਵਾਰ ਆਰਥਿਕ ਤੌਰ ’ਤੇ ਬੇਹੱਦ ਤੰਗ ਹਾਲਾਤਾਂ ’ਚ
ਮ੍ਰਿਤਕ ਦੇ ਮਾਮਾ ਹਰਜਿੰਦਰ ਸਿੰਘ ਵਾਸੀ ਘਨੌਰ ਨੇ ਦੱਸਿਆ ਕਿ ਪਰਿਵਾਰ ਕੋਲ ਕੇਵਲ ਤਿੰਨ ਏਕੜ ਜ਼ਮੀਨ ਹੈ। ਰਾਜਪ੍ਰੀਤ ਦਾ ਪਿਤਾ ਕੁਲਵੰਤ ਸਿੰਘ ਨਿੱਜੀ ਸਕੂਲ ਦੀ ਬੱਸ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਭਾਰੀ ਕਰਜ਼ੇ ਹੇਠ ਦੱਬੇ ਪਰਿਵਾਰ ਲਈ ਹੁਣ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਪੰਜਾਬ ਲਿਆਉਣਾ ਵੀ ਅਸੰਭਵ ਬਣ ਗਿਆ ਹੈ।
ਸਰਕਾਰ ਕੋਲ ਮਦਦ ਦੀ ਅਪੀਲ
ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਅਪੀਲ ਕੀਤੀ ਗਈ ਹੈ ਕਿ ਮ੍ਰਿਤਕ ਦੇਹ ਨੂੰ ਵਿਦੇਸ਼ ਤੋਂ ਵਾਪਸ ਲਿਆਉਣ ਲਈ ਸਰਕਾਰੀ ਪੱਧਰ ’ਤੇ ਤੁਰੰਤ ਮਦਦ ਕੀਤੀ ਜਾਵੇ।
ਪਿੰਡ ਗੁਰਮ ਵਿੱਚ ਮਾਤਮ ਦਾ ਮਾਹੌਲ
ਇਸ ਦਰਦਨਾਕ ਘਟਨਾ ਤੋਂ ਬਾਅਦ ਪਿੰਡ ਗੁਰਮ ਵਿੱਚ ਹਰ ਘਰ ਵਿੱਚ ਮਾਤਮ ਛਾਇਆ ਹੋਇਆ ਹੈ। ਪਿੰਡ ਵਾਸੀ ਵੱਡੀ ਗਿਣਤੀ ਵਿੱਚ ਪੀੜਤ ਪਰਿਵਾਰ ਦੇ ਘਰ ਪਹੁੰਚ ਕੇ ਦੁੱਖ ਸਾਂਝਾ ਕਰ ਰਹੇ ਹਨ ਅਤੇ ਸਰਕਾਰ ਤੋਂ ਤੁਰੰਤ ਸਹਾਇਤਾ ਦੀ ਮੰਗ ਕਰ ਰਹੇ ਹਨ।

