ਮੋਗਾ :- ਮੋਗਾ ਨਗਰ ਨਿਗਮ ਵਿੱਚ ਚੱਲ ਰਹੀ ਰਾਜਨੀਤਿਕ ਉਥਲ-ਪੁਥਲ ਤੋਂ ਬਾਅਦ ਆਖ਼ਰਕਾਰ ਅੱਜ ਨਵੇਂ ਮੇਅਰ ਦੀ ਚੋਣ ਕਰਵਾਈ ਗਈ। ਹਾਈਕੋਰਟ ਵੱਲੋਂ ਦੁਬਾਰਾ ਚੋਣ ਕਰਵਾਉਣ ਦੇ ਨਿਰਦੇਸ਼ਾਂ ਉਪਰੰਤ ਨਗਰ ਨਿਗਮ ਹਾਊਸ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ, ਜਿਸ ਦੌਰਾਨ ਵੋਟਿੰਗ ਪ੍ਰਕਿਰਿਆ ਰਾਹੀਂ ਨਵਾਂ ਮੇਅਰ ਚੁਣਿਆ ਗਿਆ।
ਪੰਜ ਦਿਨ ਪਹਿਲਾਂ ਬਲਜੀਤ ਸਿੰਘ ਚਾਨੀ ਦੀ ਹੋਈ ਸੀ ਬਰਖਾਸਤਗੀ
ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੂੰ ਪੰਜ ਦਿਨ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਤੋਂ ਮੇਅਰ ਅਹੁਦੇ ਤੋਂ ਅਸਤੀਫਾ ਵੀ ਲਿਆ ਗਿਆ ਸੀ। ਇਸ ਮਗਰੋਂ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ ਨੂੰ ਕਾਰਜਕਾਰੀ ਮੇਅਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਸੀ।
ਵਿਰੋਧੀ ਧਿਰ ਦੀ ਰਿਟ ਤੋਂ ਬਾਅਦ ਬਣੀ ਸਥਿਤੀ
ਮੇਅਰ ਦੀ ਨਿਯੁਕਤੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਰਿਟ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਮੇਅਰ ਦੀ ਨਿਯੁਕਤੀ ਮੁੜ ਚੋਣ ਰਾਹੀਂ ਕੀਤੀ ਜਾਵੇ। ਹਾਈਕੋਰਟ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਨਗਰ ਨਿਗਮ ਨੂੰ ਨਵੀਂ ਚੋਣ ਕਰਵਾਉਣ ਦੇ ਹੁਕਮ ਜਾਰੀ ਕੀਤੇ।
31 ਵੋਟਾਂ ਨਾਲ ਪ੍ਰਵੀਨ ਕੁਮਾਰ ਪੀਨਾ ਬਣੇ ਮੇਅਰ
ਅਦਾਲਤੀ ਨਿਰਦੇਸ਼ਾਂ ਦੇ ਅਧੀਨ ਅੱਜ ਕਰਵਾਈ ਗਈ ਵੋਟਿੰਗ ਦੌਰਾਨ ਪ੍ਰਵੀਨ ਕੁਮਾਰ ਪੀਨਾ ਨੇ 31 ਵੋਟਾਂ ਹਾਸਲ ਕਰਕੇ ਮੇਅਰ ਦੀ ਕੁਰਸੀ ਆਪਣੇ ਨਾਮ ਕਰ ਲਈ। ਨਤੀਜੇ ਐਲਾਨ ਹੋਣ ਨਾਲ ਹੀ ਨਗਰ ਨਿਗਮ ਵਿੱਚ ਨਵੀਂ ਲੀਡਰਸ਼ਿਪ ਨੂੰ ਲੈ ਕੇ ਸਿਆਸੀ ਤਸਵੀਰ ਸਾਫ਼ ਹੋ ਗਈ।
ਨਵੇਂ ਮੇਅਰ ਨੇ ਕੌਂਸਲਰਾਂ ਦਾ ਕੀਤਾ ਧੰਨਵਾਦ
ਚੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਨਵ ਨਿਯੁਕਤ ਮੇਅਰ ਪ੍ਰਵੀਨ ਕੁਮਾਰ ਪੀਨਾ ਨੇ ਸਾਰੇ ਕੌਂਸਲਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਖਾਸ ਤੌਰ ’ਤੇ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਵੀ ਆਭਾਰ ਪ੍ਰਗਟ ਕੀਤਾ, ਜਿਨ੍ਹਾਂ ਨੇ ਉਨ੍ਹਾਂ ’ਤੇ ਭਰੋਸਾ ਜਤਾਇਆ।
ਸ਼ਹਿਰ ਦੇ ਵਿਕਾਸ ਕਾਰਜ ਪਹਿਲਤਾ ਰਹਿਣਗੇ: ਮੇਅਰ
ਪ੍ਰਵੀਨ ਕੁਮਾਰ ਪੀਨਾ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜ ਪਹਿਲਾਂ ਵੀ ਲਗਾਤਾਰ ਚੱਲ ਰਹੇ ਸਨ ਅਤੇ ਅੱਗੇ ਵੀ ਪੂਰੀ ਜ਼ਿੰਮੇਵਾਰੀ ਨਾਲ ਜਾਰੀ ਰਹਿਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਨਗਰ ਨਿਗਮ ਦੀ ਕਾਰਗੁਜ਼ਾਰੀ ਵਿੱਚ ਕਿਸੇ ਕਿਸਮ ਦੀ ਕੋਤਾਹੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਮਿਲੇਗਾ।

