ਨੰਗਲ :- ਨੰਗਲ ਬ੍ਰਾਹਮਣਾਂ ਦਾ ਨੌਜਵਾਨ ਕੇਸ਼ਵ ਸ਼ਰਮਾ, ਜੋ ਕੁਝ ਮਹੀਨੇ ਪਹਿਲਾਂ ਹੀ ਰੋਜ਼ਗਾਰ ਦੀ ਖਾਤਿਰ ਇੰਗਲੈਂਡ ਗਿਆ ਸੀ, ਉੱਥੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਆਪਣੀ ਜ਼ਿੰਦਗੀ ਗੁਆ ਬੈਠਾ। ਮਿਲੀ ਜਾਣਕਾਰੀ ਅਨੁਸਾਰ ਕਈ ਵਾਹਨਾਂ ਦੀ ਟੱਕਰ ਦੌਰਾਨ ਇਹ ਹਾਦਸਾ ਵਾਪਰਿਆ, ਜਿਸ ਵਿੱਚ ਕੇਸ਼ਵ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਚਾਰ ਮਹੀਨੇ ਪਹਿਲਾਂ ਹੀ ਸੁਪਨੇ ਲੈ ਕੇ ਗਿਆ ਸੀ ਵਿਦੇਸ਼
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੇਸ਼ਵ ਸਿਰਫ਼ ਚਾਰ ਮਹੀਨੇ ਪਹਿਲਾਂ ਹੀ ਇੰਗਲੈਂਡ ਗਿਆ ਸੀ। ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਅਤੇ ਹਰ ਕੋਈ ਉਸਦੇ ਚੰਗੇ ਭਵਿੱਖ ਦੀ ਆਸ ਕਰ ਰਿਹਾ ਸੀ, ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਯਾਤਰਾ ਆਖ਼ਰੀ ਸਾਬਤ ਹੋਵੇਗੀ।
ਦੋ ਭੈਣਾਂ ਦਾ ਇਕਲੌਤਾ ਭਰਾ ਸੀ ਕੇਸ਼ਵ
ਕੇਸ਼ਵ ਸ਼ਰਮਾ ਆਪਣੇ ਮਾਪਿਆਂ ਲਈ ਇਕਲੌਤਾ ਪੁੱਤਰ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਨੇ ਦੱਸਿਆ ਕਿ ਉਹ ਆਪਣੀ ਭੈਣ ਦੀ ਅਗੇਸਟਮੈਂਟ ਲਈ ਜਲਦ ਭਾਰਤ ਆਉਣ ਦੀ ਤਿਆਰੀ ਕਰ ਰਿਹਾ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਪਿੰਡ ‘ਚ ਛਾਇਆ ਸੋਗ, ਹਰ ਅੱਖ ਨਮ
ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਨੰਗਲ ਬ੍ਰਾਹਮਣਾਂ ਵਿੱਚ ਸੋਗ ਦੀ ਲਹਿਰ ਫੈਲ ਗਈ। ਪਿੰਡ ਵਾਸੀਆਂ ਅਨੁਸਾਰ ਕੇਸ਼ਵ ਸਾਧਾ ਸੁਭਾਅ, ਮਿਹਨਤੀ ਅਤੇ ਸਭ ਨਾਲ ਪਿਆਰ ਨਾਲ ਪੇਸ਼ ਆਉਣ ਵਾਲਾ ਨੌਜਵਾਨ ਸੀ। ਉਸਦੀ ਅਕਾਲ ਮੌਤ ਨਾਲ ਪਿੰਡ ਦਾ ਮਾਹੌਲ ਗ਼ਮਗੀਨ ਬਣਿਆ ਹੋਇਆ ਹੈ।
ਦੇਹ ਭਾਰਤ ਲਿਆਉਣ ਲਈ ਪਰਿਵਾਰ ਦੀ ਮਦਦ ਦੀ ਅਪੀਲ
ਇਸ ਦੁੱਖਦਾਈ ਘਟਨਾ ਤੋਂ ਬਾਅਦ ਕੇਸ਼ਵ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨਾਲ ਸੰਪਰਕ ਕਰਕੇ ਮ੍ਰਿਤਕ ਦੀ ਦੇਹ ਇੰਗਲੈਂਡ ਤੋਂ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਗਈ ਹੈ। ਪਰਿਵਾਰ ਨੇ ਸਰਕਾਰ ਤੋਂ ਵੀ ਹਰ ਸੰਭਵ ਸਹਾਇਤਾ ਦੀ ਮੰਗ ਕੀਤੀ ਹੈ।

