ਬਠਿੰਡਾ :- ਜ਼ਿਲ੍ਹਾ ਬਠਿੰਡਾ ਵਿੱਚ ਪੁਲਿਸ ਨੇ ਨਸ਼ਿਆਂ ਅਤੇ ਗੈਰਕਾਨੂੰਨੀ ਸ਼ਰਾਬ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਹੈ। ਥਾਣਾ ਨੰਦਗੜ੍ਹ ਪੁਲਿਸ ਅਤੇ ਬਠਿੰਡਾ ਐਕਸਾਈਜ਼ ਵਿਭਾਗ ਦੀ ਸਾਂਝੀ ਕਾਰਵਾਈ ਦੌਰਾਨ ਇੱਕ ਟਰੱਕ ਵਿੱਚੋਂ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਫੜੀ ਗਈ ਹੈ।
ਟ੍ਰੱਕ ਵਿੱਚ ਬਣਾਏ ਗਏ ਸਨ ਗੁਪਤ ਖਾਨੇ
ਪੁਲਿਸ ਅਧਿਕਾਰੀਆਂ ਮੁਤਾਬਕ ਰਾਜਸਥਾਨ ਨੰਬਰ ਵਾਲੇ ਟਰੱਕ ਨੂੰ ਨਾਕਾਬੰਦੀ ਦੌਰਾਨ ਰੋਕ ਕੇ ਜਾਂਚ ਕੀਤੀ ਗਈ। ਸ਼ੁਰੂਆਤੀ ਤੌਰ ’ਤੇ ਟਰੱਕ ਆਮ ਸਮਾਨ ਨਾਲ ਭਰਿਆ ਹੋਇਆ ਦਿਖਾਈ ਦਿੱਤਾ, ਪਰ ਗਹਿਰੀ ਜਾਂਚ ਕਰਨ ’ਤੇ ਅੰਦਰ ਲੁਕਵੇਂ ਤਰੀਕੇ ਨਾਲ ਬਣਾਈਆਂ ਗਈਆਂ ਲੋਹੇ ਦੀਆਂ ਚਰਖੜੀਆਂ ਅਤੇ ਜ਼ਮੀਨਦੋਜ ਪਾਈਪਾਂ ਵਿੱਚ ਸ਼ਰਾਬ ਛੁਪਾਈ ਹੋਈ ਮਿਲੀ।
415 ਪੇਟੀਆਂ, ਕਰੀਬ 5 ਹਜ਼ਾਰ ਬੋਤਲਾਂ ਬਰਾਮਦ
ਤਲਾਸ਼ੀ ਦੌਰਾਨ ਪੁਲਿਸ ਨੇ ਕੁੱਲ 415 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ, ਜਿਨ੍ਹਾਂ ਵਿੱਚ ਲਗਭਗ 4980 ਬੋਤਲਾਂ ਦੱਸੀਆਂ ਜਾ ਰਹੀਆਂ ਹਨ। ਫੜੀ ਗਈ ਸ਼ਰਾਬ ਵਿੱਚ ਰੋਇਲ ਚੈਲੇਂਜ, ਰੋਇਲ ਸਟੈਗ ਅਤੇ ਆਲ ਸੀਜ਼ਨ ਬ੍ਰਾਂਡ ਸ਼ਾਮਲ ਹਨ, ਜੋ ਡਰਾਈ ਸਟੇਟ ਇਲਾਕਿਆਂ ਤੋਂ ਤਸਕਰੀ ਰਾਹੀਂ ਪੰਜਾਬ ਲਿਆਂਦੀ ਜਾ ਰਹੀ ਸੀ।
ਸੱਤ ਖ਼ਿਲਾਫ ਮਾਮਲਾ, ਤਿੰਨ ਗ੍ਰਿਫ਼ਤਾਰ
ਇਸ ਮਾਮਲੇ ਸਬੰਧੀ ਥਾਣਾ ਨੰਦਗੜ੍ਹ ਵਿੱਚ ਸੱਤ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਚਾਰ ਹੋਰਾਂ ਦੀ ਭਾਲ ਜਾਰੀ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ
ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਫੂਲੇਵਾਲਾ (ਜ਼ਿਲ੍ਹਾ ਮੋਗਾ), ਸੁਰੇਸ਼ ਕੁਮਾਰ ਵਾਸੀ ਦਾਤਾ ਅਤੇ ਹਨੂਮਾਨ ਰਾਮ ਵਾਸੀ ਬੁੱਢਾ (ਜ਼ਿਲ੍ਹਾ ਜਾਲੌਰ, ਰਾਜਸਥਾਨ) ਵਜੋਂ ਹੋਈ ਹੈ। ਫ਼ਰਾਰ ਮੁਲਜ਼ਮਾਂ ਵਿੱਚ ਧਰਮਪਾਲ ਸ਼ਰਮਾ ਵਾਸੀ ਅਹਿਮਦਗੜ੍ਹ, ਜਸਕਰਨ ਸਿੰਘ ਵਾਸੀ ਮਾਣਕੇ, ਗੁਰਬਿੰਦਰ ਸਿੰਘ ਵਾਸੀ ਤਖਤਪੁਰਾ ਅਤੇ ਜੱਸਾ ਸਿੰਘ ਵਾਸੀ ਕਾਲੇਕੇ ਦੇ ਨਾਮ ਸ਼ਾਮਲ ਹਨ।
ਐਕਸਾਈਜ਼ ਚੋਰੀ ਅਤੇ ਬਲੈਕ ਮਾਰਕੀਟ ਦਾ ਖੁਲਾਸਾ
ਡੀਐਸਪੀ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਮੁਲਜ਼ਮ ਜਾਲੀ ਨੰਬਰ ਪਲੇਟਾਂ ਦੀ ਵਰਤੋਂ ਕਰਕੇ ਡਰਾਈ ਏਰੀਆ ਗੁਜਰਾਤ ਅਤੇ ਰਾਜਸਥਾਨ ਤੋਂ ਸ਼ਰਾਬ ਲਿਆ ਕੇ ਪੰਜਾਬ ਵਿੱਚ ਮਹਿੰਗੇ ਭਾਅ ’ਤੇ ਵੇਚ ਰਹੇ ਸਨ। ਇਸ ਤਰੀਕੇ ਨਾਲ ਸਰਕਾਰ ਨੂੰ ਵੱਡੇ ਪੱਧਰ ’ਤੇ ਐਕਸਾਈਜ਼ ਰੇਵਨਿਊ ਦਾ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ।
ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਨੂੰ ਹੋਰ ਫੈਲਾਇਆ ਜਾ ਰਿਹਾ ਹੈ ਅਤੇ ਤਸਕਰੀ ਦੇ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਕੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

