ਜਲੰਧਰ :- ਜਲੰਧਰ ਦੇ ਆਦਮਪੁਰ ਇਲਾਕੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਦਰਮਿਆਨ ਜ਼ਬਰਦਸਤ ਮੁੱਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬਾਵਾ ਭਾਗ ਸਿੰਘ ਯੂਨੀਵਰਸਿਟੀ ਦੇ ਬਾਹਰ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਤੇਜ਼ੀ ਦਿਖਾਉਂਦੇ ਹੋਏ 48 ਘੰਟਿਆਂ ਦੇ ਅੰਦਰ ਹੀ ਦੋਵੇਂ ਮੁੱਖ ਆਰੋਪੀਆਂ ਨੂੰ ਕਾਬੂ ਕਰ ਲਿਆ ਹੈ।
ਜਵਾਬੀ ਫਾਇਰਿੰਗ ਦੌਰਾਨ ਦੋਵੇਂ ਆਰੋਪੀ ਜ਼ਖ਼ਮੀ
ਮੁੱਠਭੇੜ ਦੌਰਾਨ ਆਰੋਪੀਆਂ ਵੱਲੋਂ ਪੁਲਿਸ ‘ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਦੇ ਜਵਾਬ ਵਿੱਚ ਕੀਤੀ ਗਈ ਕਾਰਵਾਈ ਦੌਰਾਨ ਦੋਵੇਂ ਆਰੋਪੀਆਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ। ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ।
ਖੁਫੀਆ ਸੂਚਨਾ ‘ਤੇ ਲਗਾਇਆ ਗਿਆ ਟ੍ਰੈਪ
ਆਦਮਪੁਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਤਲ ਮਗਰੋਂ ਫਰਾਰ ਹੋਏ ਆਰੋਪੀ ਜੱਸਾ ਅਤੇ ਉਸ ਦਾ ਸਾਥੀ ਹਥਿਆਰ ਲੈਣ ਲਈ ਡਰੌਲੀ ਕਲਾਂ ਇਲਾਕੇ ਵੱਲ ਆ ਸਕਦੇ ਹਨ। ਇਸ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਵੱਲੋਂ ਪਹਿਲਾਂ ਹੀ ਉਥੇ ਨਾਕਾਬੰਦੀ ਕਰਕੇ ਟ੍ਰੈਪ ਲਗਾਇਆ ਗਿਆ ਸੀ।
ਨਾਕਾਬੰਦੀ ਦੌਰਾਨ ਚਲਾਈਆਂ ਚਾਰ ਗੋਲੀਆਂ
ਜਿਵੇਂ ਹੀ ਦੋਵੇਂ ਆਰੋਪੀ ਮੋਟਰਸਾਈਕਲ ‘ਤੇ ਹਥਿਆਰ ਲੈ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ, ਪੁਲਿਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਆਰੋਪੀਆਂ ਨੇ ਪੁਲਿਸ ਦੀ ਗੱਡੀ ਅਤੇ ਟੀਮ ‘ਤੇ ਲਗਭਗ ਚਾਰ ਰਾਊਂਡ ਫਾਇਰ ਕਰ ਦਿੱਤੇ। ਹਾਲਾਤ ਗੰਭੀਰ ਹੋਣ ‘ਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ।
ਵਾਰਦਾਤ ‘ਚ ਵਰਤੇ ਦੋ ਪਿਸਤੌਲ ਬਰਾਮਦ
ਮੁੱਠਭੇੜ ਤੋਂ ਬਾਅਦ ਪੁਲਿਸ ਨੇ ਆਰੋਪੀਆਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਬਰਾਮਦ ਕੀਤੇ ਹਨ, ਜੋ ਕਤਲ ਦੀ ਵਾਰਦਾਤ ਦੌਰਾਨ ਵਰਤੇ ਗਏ ਸਨ। ਜ਼ਖ਼ਮੀ ਆਰੋਪੀਆਂ ਨੂੰ ਤੁਰੰਤ ਨਜ਼ਦੀਕੀ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੁਰਾਣੀ ਰੰਜਿਸ਼ ਬਣੀ ਕਤਲ ਦੀ ਵਜ੍ਹਾ
ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਆਦਮਪੁਰ ਸਥਿਤ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਬਾਹਰ ਦੁਪਹਿਰ ਸਮੇਂ ਪੁਰਾਣੀ ਰੰਜਿਸ਼ ਦੇ ਚਲਦੇ ਪਿੰਡ ਸਦਰਾ ਸੋਢੀਆਂ ਬੁੱਲੋਵਾਲ ਦੇ ਰਹਿਣ ਵਾਲੇ 22 ਸਾਲਾ ਕੇਸਰ ਧਾਮੀ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਉਸਦੀ ਹੱਤਿਆ ਕੀਤੀ ਗਈ ਸੀ। ਵਾਰਦਾਤ ਮਗਰੋਂ ਦੋਵੇਂ ਆਰੋਪੀ ਮੌਕੇ ਤੋਂ ਫਰਾਰ ਹੋ ਗਏ ਸਨ।
ਘਟਨਾ ਤੋਂ ਬਾਅਦ ਇਲਾਕੇ ‘ਚ ਫੈਲੀ ਦਹਿਸ਼ਤ
ਗੋਲੀਆਂ ਦੀਆਂ ਆਵਾਜ਼ਾਂ ਨਾਲ ਯੂਨੀਵਰਸਿਟੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਸਥਾਨਕ ਲੋਕਾਂ ਵੱਲੋਂ ਗੰਭੀਰ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਸੀ।
ਪੁਲਿਸ ਜਾਂਚ ਜਾਰੀ, ਹੋਰ ਖੁਲਾਸਿਆਂ ਦੀ ਉਮੀਦ
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਰੋਪੀਆਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ।

