ਚੰਡੀਗੜ੍ਹ :- ਆਮ ਆਦਮੀ ਪਾਰਟੀ ਦੇ ਸਾਂਸਦ ਮਾਲਵਿੰਦਰ ਸਿੰਘ ਕੰਗ ਨੇ ਸਿੱਖ ਗੁਰੂਆਂ ਨਾਲ ਜੁੜੇ ਇੱਕ ਗੰਭੀਰ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਸਥਾਰਪੂਰਕ ਪੱਤਰ ਭੇਜਿਆ ਹੈ। ਪੱਤਰ ਰਾਹੀਂ ਉਨ੍ਹਾਂ ਨੇ ਸਿੱਖ ਧਰਮ ਨਾਲ ਸਬੰਧਿਤ ਅਪਮਾਨਜਨਕ ਸਮੱਗਰੀ ਫੈਲਾਉਣ ਵਾਲਿਆਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸੋਸ਼ਲ ਮੀਡੀਆ ‘ਤੇ ਫੈਲਾਈ ਗਈ ਫਰਜ਼ੀ ਸਮੱਗਰੀ
ਸਾਂਸਦ ਕੰਗ ਨੇ ਪੱਤਰ ਵਿੱਚ ਦੱਸਿਆ ਕਿ ਹਾਲੀਆ ਦਿਨਾਂ ਦੌਰਾਨ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਿੱਖ ਗੁਰੂਆਂ ਦੇ ਨਾਂ ‘ਤੇ ਕੁਝ ਵੀਡੀਓਜ਼ ਤੇਜ਼ੀ ਨਾਲ ਵਾਇਰਲ ਕੀਤੀਆਂ ਗਈਆਂ, ਜੋ ਬਾਅਦ ਵਿੱਚ ਪੂਰੀ ਤਰ੍ਹਾਂ ਫਰਜ਼ੀ ਸਾਬਤ ਹੋਈਆਂ। ਉਨ੍ਹਾਂ ਕਿਹਾ ਕਿ ਇਹ ਵੀਡੀਓਜ਼ ਲੋਕਾਂ ਨੂੰ ਗੁਮਰਾਹ ਕਰਨ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਕਸਦ ਨਾਲ ਤਿਆਰ ਕੀਤੀਆਂ ਗਈਆਂ।
FSL ਰਿਪੋਰਟ ਨੇ ਖੋਲ੍ਹੀ ਸੱਚਾਈ
ਕੰਗ ਮੁਤਾਬਕ ਫੋਰੈਂਸਿਕ ਸਾਇੰਸ ਲੈਬੋਰਟਰੀ ਦੀ ਜਾਂਚ ਰਿਪੋਰਟ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਵਾਇਰਲ ਕੀਤੀ ਗਈ ਵੀਡੀਓ ਨਾਲ ਡਿਜ਼ੀਟਲ ਤੌਰ ‘ਤੇ ਛੇੜਛਾੜ ਕੀਤੀ ਗਈ ਸੀ। ਰਿਪੋਰਟ ਅਨੁਸਾਰ ਵੀਡੀਓ ਨੂੰ ਐਡੀਟ ਕਰਕੇ ਇਸ ਤਰ੍ਹਾਂ ਪੇਸ਼ ਕੀਤਾ ਗਿਆ, ਜਿਵੇਂ ਗੁਰੂ ਸਾਹਿਬਾਨ ਬਾਰੇ ਇਤਰਾਜ਼ਯੋਗ ਬਿਆਨ ਦਿੱਤੇ ਗਏ ਹੋਣ, ਜਦਕਿ ਹਕੀਕਤ ਵਿੱਚ ਅਜਿਹਾ ਕੁਝ ਵੀ ਨਹੀਂ ਸੀ।
ਅਪਮਾਨਜਨਕ ਭਾਸ਼ਾ ਨਾਲ ਭੜਕਾਉਣ ਦੀ ਕੋਸ਼ਿਸ਼
ਸਾਂਸਦ ਨੇ ਦੋਸ਼ ਲਗਾਇਆ ਕਿ ਵੀਡੀਓ ਵਿੱਚ ਸਿੱਖ ਗੁਰੂਆਂ ਲਈ ਬਹੁਤ ਹੀ ਅਪਮਾਨਜਨਕ ਅਤੇ ਅਸਵੀਕਾਰਯੋਗ ਸ਼ਬਦਾਵਲੀ ਵਰਤੀ ਗਈ, ਜਿਸ ਨਾਲ ਪੂਰੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਉਨ੍ਹਾਂ ਕਿਹਾ ਕਿ ਇਹ ਕਦਮ ਸਿਰਫ਼ ਨਫ਼ਰਤ ਫੈਲਾਉਣ ਲਈ ਚੁੱਕਿਆ ਗਿਆ।
BJP ਆਗੂ ਕਪਿਲ ਮਿਸ਼ਰਾ ‘ਤੇ ਸਿੱਧਾ ਦੋਸ਼
ਮਾਲਵਿੰਦਰ ਸਿੰਘ ਕੰਗ ਨੇ ਇਸ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਕਪਿਲ ਮਿਸ਼ਰਾ ‘ਤੇ ਸਿੱਧਾ ਨਿਸ਼ਾਨਾ ਸਾਧਿਆ। ਉਨ੍ਹਾਂ ਦਾ ਦਾਅਵਾ ਹੈ ਕਿ ਕਪਿਲ ਮਿਸ਼ਰਾ ਵੱਲੋਂ ਜਾਣਬੁੱਝ ਕੇ ਇਸ ਫਰਜ਼ੀ ਵੀਡੀਓ ਨੂੰ ਅੱਗੇ ਵਧਾਇਆ ਗਿਆ, ਤਾਂ ਜੋ ਧਾਰਮਿਕ ਵੰਡ ਅਤੇ ਨਫ਼ਰਤ ਦਾ ਮਾਹੌਲ ਪੈਦਾ ਕੀਤਾ ਜਾ ਸਕੇ।
ਭਾਈਚਾਰਕ ਸਾਂਝ ਖ਼ਿਲਾਫ਼ ਸੋਚੀ-ਸਮਝੀ ਸਾਜ਼ਿਸ਼ ਦਾ ਦੋਸ਼
ਸਾਂਸਦ ਕੰਗ ਅਨੁਸਾਰ ਇਹ ਮਾਮਲਾ ਸਿਰਫ਼ ਇੱਕ ਵੀਡੀਓ ਤੱਕ ਸੀਮਤ ਨਹੀਂ, ਸਗੋਂ ਸਿੱਖ ਗੁਰੂਆਂ ਦੇ ਨਾਂ ‘ਤੇ ਸਮਾਜਕ ਸਾਂਝ ਨੂੰ ਤੋੜਨ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਿਰਦਾਰ ਦੇਸ਼ ਦੀ ਏਕਤਾ ਅਤੇ ਭਾਈਚਾਰਕ ਸਦਭਾਵਨਾ ਲਈ ਗੰਭੀਰ ਖ਼ਤਰਾ ਬਣ ਰਹੇ ਹਨ।
ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ
ਪੱਤਰ ਦੇ ਅਖੀਰ ‘ਚ ਮਾਲਵਿੰਦਰ ਸਿੰਘ ਕੰਗ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੋ ਵੀ ਵਿਅਕਤੀ ਜਾਂ ਗਰੁੱਪ ਧਾਰਮਿਕ ਭਾਵਨਾਵਾਂ ਨਾਲ ਖਿਲਵਾਰ ਕਰਨ ਦਾ ਦੋਸ਼ੀ ਪਾਇਆ ਜਾਵੇ, ਉਸ ਵਿਰੁੱਧ ਕਾਨੂੰਨ ਅਨੁਸਾਰ ਕੜੀ ਕਾਰਵਾਈ ਯਕੀਨੀ ਬਣਾਈ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੁਹਰਾਈਆਂ ਨਾ ਜਾਣ।

