ਚੰਡੀਗੜ੍ਹ :- ਪੰਜਾਬ ਵਿੱਚ ਗੈਂਗਸਟਰ ਨੈੱਟਵਰਕ ਦੀ ਸਰਗਰਮੀ ਇੱਕ ਵਾਰ ਫਿਰ ਸੂਬੇ ਦੀ ਕਾਨੂੰਨ-ਵਿਵਸਥਾ ‘ਤੇ ਸਵਾਲ ਖੜੇ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਰਾਜੂ ਨੂੰ ਮੁੜ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਗੈਂਗਸਟਰਾਂ ਵੱਲੋਂ ਭੇਜੇ ਗਏ ਵੌਇਸ ਮੈਸੇਜ ਵਿੱਚ ਖੁੱਲ੍ਹੇਆਮ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਵੀ ਉਨ੍ਹਾਂ ਦਾ ਕੁਝ ਨਹੀਂ ਬਿਗਾੜ ਸਕਦੀ।
ਵੌਇਸ ਮੈਸੇਜ ਰਾਹੀਂ ਖੁੱਲ੍ਹੀ ਚੁਣੌਤੀ
ਧਮਕੀ ਭਰੇ ਆਡੀਓ ਸੁਨੇਹੇ ਵਿੱਚ ਦੋਸ਼ੀਆਂ ਨੇ ਦਾਅਵਾ ਕੀਤਾ ਹੈ ਕਿ ਚਾਹੇ ਦਲਜੀਤ ਰਾਜੂ ਮੁੱਖ ਮੰਤਰੀ ਕੋਲ ਜਾਣ ਜਾਂ ਡੀਜੀਪੀ ਕੋਲ, ਉਨ੍ਹਾਂ ਦੀ ਸੁਰੱਖਿਆ ਕਿਸੇ ਕੰਮ ਨਹੀਂ ਆਵੇਗੀ। ਗੈਂਗਸਟਰਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਆਗੂ ਨੂੰ ਐਸਾ ਨੁਕਸਾਨ ਪਹੁੰਚਾਉਣਗੇ ਜੋ ਉਹ ਸਾਰੀ ਉਮਰ ਨਹੀਂ ਭੁੱਲੇਗਾ।
ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦੀ ਵੀ ਚੇਤਾਵਨੀ
ਧਮਕੀ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਆਉਂਦੇ 20 ਦਿਨਾਂ ਦੇ ਅੰਦਰ ਦਲਜੀਤ ਰਾਜੂ ਦੇ ਪਰਿਵਾਰਕ ਮੈਂਬਰ ਜਾਂ ਕਿਸੇ ਨਜ਼ਦੀਕੀ ਦੋਸਤ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਗੰਭੀਰ ਚੇਤਾਵਨੀ ਨੇ ਸਿਆਸੀ ਹਲਕਿਆਂ ਵਿੱਚ ਹੀ ਨਹੀਂ, ਸਗੋਂ ਆਮ ਲੋਕਾਂ ਵਿੱਚ ਵੀ ਚਿੰਤਾ ਵਧਾ ਦਿੱਤੀ ਹੈ।
ਘਰ ‘ਤੇ ਹੋ ਚੁੱਕੀ ਹੈ ਫਾਇਰਿੰਗ ਦੀ ਵਾਰਦਾਤ
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਦਲਜੀਤ ਰਾਜੂ ਦੇ ਰਿਹਾਇਸ਼ੀ ਘਰ ‘ਤੇ ਅਣਪਛਾਤੇ ਗੈਂਗਸਟਰਾਂ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਸਨ। ਉਸ ਸਮੇਂ ਘਰ ਦੇ ਬਾਹਰ ਇੱਕ ਪਰਚੀ ਵੀ ਸੁੱਟੀ ਗਈ ਸੀ, ਜਿਸ ਵਿੱਚ ਰੰਗਦਾਰੀ ਦੀ ਮੰਗ ਦਰਜ ਸੀ। ਇਸ ਮਾਮਲੇ ਤੋਂ ਬਾਅਦ ਕਪੂਰਥਲਾ ਪੁਲਿਸ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ।
ਕਾਲਾ ਰਾਣਾ ਗੈਂਗ ਦਾ ਨਾਂ ਆਇਆ ਸਾਹਮਣੇ
ਜਾਂਚ ਦੌਰਾਨ ਫਾਇਰਿੰਗ ਪਿੱਛੇ ਕਾਲਾ ਰਾਣਾ ਗੈਂਗ ਦਾ ਨਾਂ ਸਾਹਮਣੇ ਆਇਆ ਸੀ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤੱਕ ਇਸ ਗੈਂਗ ਨਾਲ ਜੁੜਿਆ ਕੋਈ ਵੀ ਮੁੱਖ ਦੋਸ਼ੀ ਗ੍ਰਿਫ਼ਤਾਰ ਨਹੀਂ ਹੋ ਸਕਿਆ।
ਪੁਲਿਸ ਦੇ ਦਾਅਵਿਆਂ ‘ਤੇ ਉੱਠੇ ਸਵਾਲ
ਦੋ ਦਿਨ ਪਹਿਲਾਂ ਹੀ ਕਪੂਰਥਲਾ ਪੁਲਿਸ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਗਿਆ ਸੀ ਕਿ ਫਾਇਰਿੰਗ ਕਰਨ ਵਾਲਿਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਜਲਦ ਗ੍ਰਿਫ਼ਤਾਰੀ ਕੀਤੀ ਜਾਵੇਗੀ। ਪਰ ਇਸ ਬਿਆਨ ਤੋਂ ਤੁਰੰਤ ਬਾਅਦ ਆਏ ਨਵੇਂ ਧਮਕੀ ਭਰੇ ਵੌਇਸ ਮੈਸੇਜਾਂ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।
ਸੁਰੱਖਿਆ ਹੋਣ ਬਾਵਜੂਦ ਗੈਂਗਸਟਰ ਬੇਖੌਫ਼
ਧਮਕੀ ਦੇਣ ਵਾਲਿਆਂ ਨੂੰ ਇਹ ਜਾਣਕਾਰੀ ਵੀ ਹੈ ਕਿ ਦਲਜੀਤ ਰਾਜੂ ਇਸ ਵੇਲੇ ਪੁਲਿਸ ਸੁਰੱਖਿਆ ਹੇਠ ਹਨ, ਫਿਰ ਵੀ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਰਨਾ ਗੈਂਗਸਟਰਾਂ ਦੇ ਹੌਂਸਲੇ ਬਿਆਨ ਕਰਦਾ ਹੈ।
ਐਸਐਸਪੀ ਨੂੰ ਦਿੱਤੀ ਗਈ ਜਾਣਕਾਰੀ
ਪੂਰੇ ਮਾਮਲੇ ਦੀ ਸੂਚਨਾ ਦਲਜੀਤ ਰਾਜੂ ਵੱਲੋਂ ਐਸਐਸਪੀ ਕਪੂਰਥਲਾ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਲਗਾਤਾਰ ਜਾਂਚ ਜਾਰੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਮੁੜ ਮੁੜ ਮਿਲ ਰਹੀਆਂ ਧਮਕੀਆਂ ਇਹ ਸਪੱਸ਼ਟ ਕਰ ਰਹੀਆਂ ਹਨ ਕਿ ਸੂਬੇ ਵਿੱਚ ਗੈਂਗਸਟਰਾਂ ਦਾ ਡਰ ਹਾਲੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ।

