ਅੰਮ੍ਰਿਤਸਰ :- ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਪਾਣੀ ਨਾਲ ਕੁਰਲੀ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ। ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਫੈਲੀ ਇਸ ਰੀਲ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ, ਜਿਸ ਤੋਂ ਬਾਅਦ ਮਾਮਲਾ ਗੰਭੀਰ ਰੂਪ ਧਾਰ ਗਿਆ।
ਦਿੱਲੀ ਦਾ ਰਹਿਣ ਵਾਲਾ ਇੰਫਲੂਐਂਸਰ ਨਿਕਲਿਆ ਨੌਜਵਾਨ
ਜਾਣਕਾਰੀ ਮੁਤਾਬਕ ਸਰੋਵਰ ਵਿੱਚ ਕੁਰਲੀ ਕਰਨ ਵਾਲਾ ਨੌਜਵਾਨ ਦਿੱਲੀ ਦਾ ਵਸਨੀਕ ਹੈ, ਜਿਸ ਦੀ ਪਛਾਣ ਸੁਭਾਨ ਰੰਗਰੀਜ਼ ਵਜੋਂ ਹੋਈ ਹੈ। ਉਹ ਆਪਣੇ ਆਪ ਨੂੰ ਸੋਸ਼ਲ ਮੀਡੀਆ ਇੰਫਲੂਐਂਸਰ ਦੱਸਦਾ ਹੈ ਅਤੇ ਇੰਸਟਾਗ੍ਰਾਮ ’ਤੇ ਵੱਖ-ਵੱਖ ਰੀਲਾਂ ਬਣਾਉਂਦਾ ਹੈ।
SGPC ਵੱਲੋਂ ਸਖ਼ਤ ਇਤਰਾਜ਼
ਵੀਡੀਓ ਸਾਹਮਣੇ ਆਉਂਦੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਹਰਕਤ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। SGPC ਨੇ ਕਿਹਾ ਕਿ ਪਵਿੱਤਰ ਸਰੋਵਰ ਸਿੱਖ ਧਰਮ ਦੀ ਆਸਥਾ ਦਾ ਕੇਂਦਰ ਹੈ ਅਤੇ ਇਸ ਨਾਲ ਜੁੜੀ ਮਰਿਆਦਾ ਦੀ ਉਲੰਘਣਾ ਕਦੇ ਵੀ ਬਰਦਾਸ਼ਤਯੋਗ ਨਹੀਂ।
ਵੀਡੀਓ ਜਾਰੀ ਕਰ ਨੌਜਵਾਨ ਨੇ ਮੰਗੀ ਮੁਆਫੀ
ਵਿਰੋਧ ਵਧਣ ਮਗਰੋਂ ਸੁਭਾਨ ਰੰਗਰੀਜ਼ ਨੇ ਇੱਕ ਹੋਰ ਵੀਡੀਓ ਜਾਰੀ ਕਰਦਿਆਂ ਆਪਣੀ ਗਲਤੀ ਸਵੀਕਾਰ ਕੀਤੀ। ਉਸ ਨੇ ਕਿਹਾ ਕਿ ਉਹ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਗਿਆ ਸੀ ਅਤੇ ਉਸਨੂੰ ਉੱਥੋਂ ਦੀ ਪੂਰੀ ਮਰਿਆਦਾ ਦੀ ਜਾਣਕਾਰੀ ਨਹੀਂ ਸੀ। ਉਸ ਮੁਤਾਬਕ, ਅਣਜਾਣੇ ਵਿੱਚ ਉਸ ਤੋਂ ਇਹ ਗਲਤੀ ਹੋ ਗਈ।
ਸਿੱਖ ਭਾਈਚਾਰੇ ਤੋਂ ਮਾਫ਼ੀ ਦੀ ਅਪੀਲ
ਮੁਆਫੀ ਵੀਡੀਓ ਵਿੱਚ ਨੌਜਵਾਨ ਨੇ ਕਿਹਾ ਕਿ ਉਹ ਸਾਰੇ ਪੰਜਾਬੀ ਭਰਾਵਾਂ ਅਤੇ ਸਮੁੱਚੇ ਸਿੱਖ ਸਮਾਜ ਤੋਂ ਦਿਲੋਂ ਮੁਆਫੀ ਮੰਗਦਾ ਹੈ। ਉਸ ਨੇ ਇਹ ਵੀ ਦੱਸਿਆ ਕਿ ਉਹ ਸਾਰੇ ਧਰਮਾਂ ਦਾ ਆਦਰ ਕਰਦਾ ਹੈ ਅਤੇ ਭਵਿੱਖ ਵਿੱਚ ਸ੍ਰੀ ਹਰਿਮੰਦਰ ਸਾਹਿਬ ਆ ਕੇ ਨਿੱਜੀ ਤੌਰ ’ਤੇ ਵੀ ਮੁਆਫੀ ਮੰਗੇਗਾ।
ਇੰਸਟਾਗ੍ਰਾਮ ਰੀਲ ਨਾਲ ਸ਼ੁਰੂ ਹੋਇਆ ਸਾਰਾ ਮਾਮਲਾ
ਇਹ ਪੂਰਾ ਵਿਵਾਦ ਉਸ ਸਮੇਂ ਉਭਰਿਆ ਜਦੋਂ ਨੌਜਵਾਨ ਨੇ ਆਪਣੇ ਆਪ ਨੂੰ “ਮੁਸਲਿਮ ਸ਼ੇਰ” ਦੱਸਦਿਆਂ ਇੱਕ ਰੀਲ ਅਪਲੋਡ ਕੀਤੀ। ਵੀਡੀਓ ਵਿੱਚ ਉਹ ਨੰਗੇ ਪੈਰ ਸਰੋਵਰ ਦੇ ਕੋਲ ਬੈਠਾ ਦਿਖਾਈ ਦਿੰਦਾ ਹੈ, ਜਿੱਥੇ ਉਹ ਪਾਣੀ ਮੂੰਹ ਵਿੱਚ ਭਰ ਕੇ ਸਰੋਵਰ ਵਿੱਚ ਹੀ ਕੁਰਲੀ ਕਰਦਾ ਹੈ ਅਤੇ ਪਿੱਛੇ ਸ੍ਰੀ ਹਰਿਮੰਦਰ ਸਾਹਿਬ ਸਪਸ਼ਟ ਦਿੱਖ ਰਿਹਾ ਹੁੰਦਾ ਹੈ।
ਇਸ ਮਾਮਲੇ ਤੋਂ ਬਾਅਦ ਧਾਰਮਿਕ ਸਥਾਨਾਂ ਦੀ ਮਰਿਆਦਾ ਅਤੇ ਸੋਸ਼ਲ ਮੀਡੀਆ ’ਤੇ ਜ਼ਿੰਮੇਵਾਰ ਵਿਹਾਰ ਨੂੰ ਲੈ ਕੇ ਇਕ ਵਾਰ ਫਿਰ ਚਰਚਾ ਤੇਜ਼ ਹੋ ਗਈ ਹੈ।

