ਹਰਿਆਣਾ :- ਹਰਿਆਣਾ ਵਿੱਚ ਸੰਗਠਿਤ ਅਪਰਾਧ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਸਪੈਸ਼ਲ ਟਾਸਕ ਫੋਰਸ ਕਰਨਾਲ ਨੂੰ ਵੱਡੀ ਕਾਮਯਾਬੀ ਮਿਲੀ ਹੈ। STF ਨੇ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਨਾਲ ਜੁੜੇ ਗਿਰੋਹ ਦੇ ਚਾਰ ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। STF ਆਈਜੀ ਸਤੀਸ਼ ਬਾਲਨ ਮੁਤਾਬਕ ਮੁਲਜ਼ਮਾਂ ਦੇ ਕਬਜ਼ੇ ਤੋਂ ਚਾਰ ਵਿਦੇਸ਼ੀ ਪਿਸਤੌਲ ਅਤੇ ਅੱਠ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਬੁਲੇਟਪਰੂਫ ਵਾਹਨ ’ਚ ਯਾਤਰਾ ਦੌਰਾਨ ਪਹਿਲੀ ਗ੍ਰਿਫ਼ਤਾਰੀ
ਆਈਜੀ ਨੇ ਦੱਸਿਆ ਕਿ STF ਕਰਨਾਲ ਨੇ ਸਭ ਤੋਂ ਪਹਿਲਾਂ ਰਮਨ ਅਤੇ ਲੋਕੇਸ਼ ਨੂੰ ਕਰਨਾਲ ਖੇਤਰ ਤੋਂ ਉਸ ਸਮੇਂ ਕਾਬੂ ਕੀਤਾ, ਜਦੋਂ ਉਹ ਬੁਲੇਟਪਰੂਫ ਵਾਹਨ ਵਿੱਚ ਸਫ਼ਰ ਕਰ ਰਹੇ ਸਨ। ਦੋਵੇਂ ਹੀ ਕੈਥਲ ਜ਼ਿਲ੍ਹੇ ਦੇ ਪਿੰਡ ਮੁੰਦਰੀ ਦੇ ਰਹਿਣ ਵਾਲੇ ਹਨ। ਇਸ ਗ੍ਰਿਫ਼ਤਾਰੀ ਤੋਂ ਬਾਅਦ ਮਾਮਲੇ ਦੀ ਜਾਂਚ ਹੋਰ ਗਹਿਰੀ ਕੀਤੀ ਗਈ।
14 ਜਨਵਰੀ ਨੂੰ ਵੀ ਕੀਤੇ ਸੀ ਦੋ ਮੁਲਜ਼ਮ ਕਾਬੂ
ਜਾਂਚ ਦੇ ਆਧਾਰ ’ਤੇ STF ਨੇ 14 ਜਨਵਰੀ 2026 ਨੂੰ ਇਸੇ ਮਾਮਲੇ ਵਿੱਚ ਸ਼ਾਮਲ ਹੋਰ ਦੋ ਮੁਲਜ਼ਮਾਂ ਬਲਰਾਜ ਉਰਫ਼ ਬਲਰਾਮ ਅਤੇ ਰਵਿੰਦਰ ਸਿੰਘ ਉਰਫ਼ ਰਵੀ ਨੂੰ ਕੈਥਲ ਜ਼ਿਲ੍ਹੇ ਦੇ ਪੁੰਡਰੀ ਥਾਣਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਸਾਰੇ ਮੁਲਜ਼ਮ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਇੱਕ ਵੱਡੇ ਅਪਰਾਧਿਕ ਨੈੱਟਵਰਕ ਲਈ ਵੀ ਕੰਮ ਕਰਦੇ ਰਹੇ ਹਨ।
ਅਮਰੀਕਾ ’ਚ ਕਤਲ ਅਤੇ ਸਾਜ਼ਿਸ਼ਾਂ ਨਾਲ ਨਾਤਾ
STF ਦੀ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਸੰਯੁਕਤ ਰਾਜ ਅਮਰੀਕਾ ਵਿੱਚ ਰਹਿੰਦੇ ਹੋਏ ਗੰਭੀਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਹੇ। 23 ਦਸੰਬਰ 2024 ਨੂੰ ਕੈਲੀਫੋਰਨੀਆ ਦੇ ਸਟਾਕਟਨ ਸ਼ਹਿਰ ਵਿੱਚ ਗੈਂਗਸਟਰ ਸੁਨੀਲ ਯਾਦਵ ਉਰਫ਼ ਗੋਲੀਆ ਦੇ ਕਤਲ ਮਾਮਲੇ ਵਿੱਚ ਉਨ੍ਹਾਂ ਦੀ ਭੂਮਿਕਾ ਸਾਹਮਣੇ ਆਈ ਹੈ, ਜਿਸਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਰਾਹੀਂ ਲਈ ਗਈ ਸੀ। ਇਸ ਤੋਂ ਇਲਾਵਾ 18 ਅਕਤੂਬਰ 2025 ਨੂੰ ਫਰਿਜ਼ਨੋ ਵਿੱਚ ਬਦਨਾਮ ਗੈਂਗਸਟਰ ਹੈਰੀ ਬਾਕਸਰ ਦੀ ਹੱਤਿਆ ਦੀ ਸਾਜ਼ਿਸ਼ ਨਾਲ ਵੀ ਉਨ੍ਹਾਂ ਦੇ ਲਿੰਕ ਮਿਲੇ ਹਨ, ਜਿਸ ਹਮਲੇ ਦੌਰਾਨ ਬਨਵਾਰੀ ਗੋਦਾਰਾ ਦੀ ਮੌਕੇ ’ਤੇ ਮੌਤ ਹੋ ਗਈ ਸੀ।
ਫਿਰੌਤੀ ਰੈਕੇਟ ਨਾਲ ਕਈ ਰਾਜਾਂ ਤੱਕ ਫੈਲਿਆ ਜਾਲ
ਆਈਜੀ ਸਤੀਸ਼ ਬਾਲਨ ਨੇ ਦੱਸਿਆ ਕਿ ਮੁਲਜ਼ਮ ਵਿਦੇਸ਼ਾਂ ਤੋਂ ਬੈਠ ਕੇ ਹਰਿਆਣਾ, ਦਿੱਲੀ, ਪੰਜਾਬ ਅਤੇ ਰਾਜਸਥਾਨ ਵਿੱਚ ਵੱਡੇ ਪੱਧਰ ’ਤੇ ਫਿਰੌਤੀ ਰੈਕੇਟ ਚਲਾ ਰਹੇ ਸਨ। ਜੇਕਰ ਮੰਗੀ ਗਈ ਰਕਮ ਨਹੀਂ ਮਿਲਦੀ ਸੀ ਤਾਂ ਗੋਲੀਬਾਰੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ, ਤਾਂ ਜੋ ਦਹਿਸ਼ਤ ਬਣਾਈ ਰੱਖੀ ਜਾ ਸਕੇ।
ਇੰਟਰਪੋਲ ਨਾਲ ਅੰਤਰਰਾਸ਼ਟਰੀ ਤਾਲਮੇਲ ਦੀ ਤਿਆਰੀ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ STF ਵੱਲੋਂ ਇੰਟਰਪੋਲ ਅਤੇ ਸੰਬੰਧਿਤ ਅਮਰੀਕੀ ਏਜੰਸੀਆਂ ਨੂੰ ਰਸਮੀ ਤੌਰ ’ਤੇ ਸੂਚਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ, ਤਾਂ ਜੋ ਅੰਤਰਰਾਸ਼ਟਰੀ ਪੱਧਰ ’ਤੇ ਇਸ ਗੈਂਗ ਨੈੱਟਵਰਕ ਦੀ ਜੜਾਂ ਤੱਕ ਪਹੁੰਚ ਕੇ ਹੋਰ ਖੁਲਾਸੇ ਕੀਤੇ ਜਾ ਸਕਣ।

