ਚੰਡੀਗੜ੍ਹ :- ਪੰਜਾਬ ਦੀ ਸਿਆਸਤ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇਜ਼ੀ ਨਾਲ ਰੁਖ਼ ਬਦਲਦੀ ਨਜ਼ਰ ਆ ਰਹੀ ਹੈ। ਭਾਜਪਾ ਨੇ ਅੱਜ ਆਪਣੀ ਸਿਆਸੀ ਤਾਕਤ ਨੂੰ ਹੋਰ ਵਧਾਉਂਦਿਆਂ ਚਾਰ ਮੁੱਖ ਨੇਤਾਵਾਂ ਨੂੰ ਪਾਰਟੀ ਨਾਲ ਜੋੜ ਲਿਆ, ਜਿਸ ਨਾਲ ਖ਼ਾਸ ਕਰਕੇ ਮਾਲਵਾ ਖੇਤਰ ਨੂੰ ਲੈ ਕੇ ਪਾਰਟੀ ਦੀ ਤਿਆਰੀ ਸਪਸ਼ਟ ਹੋ ਗਈ ਹੈ।
ਹਰਿਆਣਾ ਦੇ ਮੁੱਖ ਮੰਤਰੀ ਦੀ ਮੌਜੂਦਗੀ ’ਚ ਸ਼ਾਮੂਲੀਅਤ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਹਾਜ਼ਰੀ ਵਿੱਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਜਗਮੀਤ ਬਰਾੜ ਨੂੰ ਭਾਜਪਾ ਵਿੱਚ ਸ਼ਾਮਿਲ ਕਰਵਾਇਆ ਗਿਆ। ਇਸਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ OSD ਓਂਕਾਰ ਸਿੱਧੂ ਅਤੇ ਸ਼ਿਰੋਮਣੀ ਅਕਾਲੀ ਦਲ ਨਾਲ ਲੰਬੇ ਸਮੇਂ ਤੱਕ ਜੁੜੇ ਰਹੇ ਸੀਨੀਅਰ ਆਗੂ ਚਰਨਜੀਤ ਬਰਾੜ ਨੇ ਵੀ ਭਾਜਪਾ ਦਾ ਦਾਮਨ ਫੜਿਆ।
ਪਰਿਵਾਰਕ ਸਿਆਸਤ ਦੀ ਗੂੰਜ ਵੀ ਨਾਲ
ਜਗਮੀਤ ਬਰਾੜ ਦੇ ਭਰਾ ਰਿਪਜੀਤ ਸਿੰਘ ਬਰਾੜ, ਜੋ ਪਹਿਲਾਂ ਕੋਟਕਪੂਰਾ ਤੋਂ ਵਿਧਾਇਕ ਰਹਿ ਚੁੱਕੇ ਹਨ, ਨੇ ਵੀ ਅੱਜ ਭਾਜਪਾ ਵਿੱਚ ਦਾਖ਼ਲਾ ਲਿਆ। ਜਗਮੀਤ ਬਰਾੜ 2022 ਦੀਆਂ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਵਜੋਂ ਮੌੜ ਮੰਡੀ ਤੋਂ ਮੈਦਾਨ ’ਚ ਉਤਰੇ ਸਨ, ਜਿਸ ਕਾਰਨ ਮਾਲਵਾ ਵਿੱਚ ਉਨ੍ਹਾਂ ਦੀ ਪਹਿਚਾਣ ਮਜ਼ਬੂਤ ਮੰਨੀ ਜਾਂਦੀ ਹੈ।
ਸੁਨੀਲ ਜਾਖੜ ਦੇ ਬਿਆਨ
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਪਰਿਵਾਰ ਦਾ ਅੱਜ ਵਿਸਥਾਰ ਹੋਇਆ ਹੈ ਅਤੇ ਸ਼ਾਮਿਲ ਹੋਏ ਸਾਰੇ ਆਗੂ ਆਪਣੇ ਆਪ ਵਿੱਚ ਜਾਣੀ-ਪਛਾਣੀ ਸਖ਼ਸ਼ੀਅਤ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਅਸੁਰੱਖਿਆ ਅਤੇ ਅਣਛਿਜ਼ਤ ਹਾਲਾਤਾਂ ਕਾਰਨ ਲੋਕ ਨਵੀਂ ਉਮੀਦ ਨਾਲ ਭਾਜਪਾ ਵੱਲ ਤੱਕ ਰਹੇ ਹਨ, ਜੋ ਅੱਜ ਦੇ ਸ਼ਾਮਿਲ ਹੋਣ ਵਾਲੇ ਆਗੂਆਂ ਰਾਹੀਂ ਸਪਸ਼ਟ ਦਿਸਦਾ ਹੈ।
“ਇਹ ਲੋਕਾਂ ਦੀ ਆਵਾਜ਼ ਹੈ”
ਜਾਖੜ ਨੇ ਦਾਅਵਾ ਕੀਤਾ ਕਿ ਵੱਡੇ ਸਿਆਸੀ ਚਿਹਰਿਆਂ ਦਾ ਭਾਜਪਾ ਵੱਲ ਆਉਣਾ ਪੰਜਾਬ ਦੇ ਬਦਲਦੇ ਮਾਹੌਲ ਦਾ ਸੰਕੇਤ ਹੈ। ਉਨ੍ਹਾਂ ਮੁਤਾਬਕ ਲੋਕਾਂ ਦੀ ਉਮੀਦਾਂ ਹੁਣ ਭਾਜਪਾ ਨਾਲ ਜੁੜ ਰਹੀਆਂ ਹਨ ਅਤੇ ਇਹ ਸ਼ਾਮਿਲੀਅਤ ਉਸੇ ਆਵਾਜ਼ ਦੀ ਤਰਜਮਾਨੀ ਹੈ।
ਪਰਣੀਤ ਕੌਰ ਦਾ ਦਾਅਵਾ
ਸਾਬਕਾ ਸੰਸਦ ਮੈਂਬਰ ਮਹਾਰਾਣੀ ਪਰਣੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਇਕ ਨਵੇਂ ਮੋੜ ’ਤੇ ਖੜੀ ਹੈ। ਉਨ੍ਹਾਂ ਅਨੁਸਾਰ 2027 ਤੋਂ ਪਹਿਲਾਂ ਸੂਬੇ ਵਿੱਚ ਵੱਡਾ ਸਿਆਸੀ ਬਦਲਾਅ ਵੇਖਣ ਨੂੰ ਮਿਲੇਗਾ ਅਤੇ ਭਾਜਪਾ ਸਰਕਾਰ ਬਣਾਉਣ ਵੱਲ ਅੱਗੇ ਵਧ ਰਹੀ ਹੈ।
ਰਵਨੀਤ ਬਿੱਟੂ ਦੀ ਚੋਣੀ ਰਣਨੀਤੀ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਐਲਾਨ ਕੀਤਾ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਨਸ਼ਾ, ਗੈਂਗਸਟਰਵਾਦ ਅਤੇ ਰੋਜ਼ਗਾਰ ਵਰਗੇ ਮੁੱਦਿਆਂ ’ਤੇ ਲੋਕਾਂ ਨੂੰ ਹੁਣ ਭਾਜਪਾ ਹੀ ਮਜ਼ਬੂਤ ਵਿਕਲਪ ਲੱਗ ਰਹੀ ਹੈ। ਉਨ੍ਹਾਂ ਦੇ ਸ਼ਬਦਾਂ ਵਿੱਚ, ਭਾਜਪਾ ਦੀ ਸਰਕਾਰ ਬਣਨ ਨਾਲ ਵਿਕਾਸ ਦੀ ਰਫ਼ਤਾਰ ਤੇਜ਼ ਹੋਵੇਗੀ।
ਮਾਲਵਾ ਖੇਤਰ ’ਤੇ ਸਿੱਧਾ ਧਿਆਨ
ਭਾਜਪਾ ਵੱਲੋਂ ਕੀਤੀ ਗਈ ਇਹ ਸ਼ਾਮਿਲੀਅਤ ਸਾਫ਼ ਤੌਰ ’ਤੇ ਮਾਲਵਾ ਖੇਤਰ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਜਗਮੀਤ ਬਰਾੜ, ਰਿਪਜੀਤ ਬਰਾੜ ਅਤੇ ਚਰਨਜੀਤ ਬਰਾੜ ਤਿੰਨੇ ਹੀ ਮੁਕਤਸਰ ਇਲਾਕੇ ਨਾਲ ਸਬੰਧਤ ਹਨ। ਪੰਜਾਬ ਦੀਆਂ 117 ਵਿੱਚੋਂ 69 ਸੀਟਾਂ ਮਾਲਵਾ ਵਿੱਚ ਹਨ ਅਤੇ ਸਰਕਾਰ ਬਣਾਉਣ ਦੀ ਕੁੰਜੀ ਇਥੇ ਹੀ ਮੰਨੀ ਜਾਂਦੀ ਹੈ। ਇਸੇ ਕਾਰਨ ਭਾਜਪਾ ਇਲਾਕੇ ਵਿੱਚ ਆਪਣੀ ਸਿਆਸੀ ਜੜਾਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

