ਜਲੰਧਰ :- ਦਿੱਲੀ ਦੀ ਆਮ ਆਦਮੀ ਪਾਰਟੀ ਦੀ ਨੇਤਰੀ ਆਤਿਸ਼ੀ ਮਾਰਲੇਨਾ ਨਾਲ ਜੁੜੇ ਵਾਇਰਲ ਵੀਡੀਓ ਮਾਮਲੇ ਵਿੱਚ ਪੰਜਾਬ ਦੀ ਜਲੰਧਰ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦਿਆਂ ਸਪੱਸ਼ਟ ਕਰ ਦਿੱਤਾ ਹੈ ਕਿ ਸੋਸ਼ਲ ਮੀਡੀਆ ‘ਤੇ ਫੈਲਾਇਆ ਗਿਆ ਵੀਡੀਓ ਮੂਲ ਨਹੀਂ ਸੀ। ਅਦਾਲਤ ਨੇ ਫੋਰੈਂਸਿਕ ਰਿਪੋਰਟ ਦੇ ਆਧਾਰ ‘ਤੇ ਕਿਹਾ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਸੀ।
ਫੋਰੈਂਸਿਕ ਰਿਪੋਰਟ ਨੇ ਖੋਲ੍ਹੀ ਪਰਤ
ਅਦਾਲਤ ਸਾਹਮਣੇ ਪੇਸ਼ ਕੀਤੀ ਗਈ ਫੋਰੈਂਸਿਕ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਵੀਡੀਓ ਨੂੰ ਕੱਟ-ਛਾਂਟ ਕਰਕੇ ਪੇਸ਼ ਕੀਤਾ ਗਿਆ, ਜਿਸ ਨਾਲ ਗਲਤ ਅਰਥ ਕੱਢੇ ਗਏ। ਇਸ ਤੋਂ ਬਾਅਦ ਅਦਾਲਤ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਤੁਰੰਤ ਇਹ ਕਲਿੱਪ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ।
ਕਿਵੇਂ ਸ਼ੁਰੂ ਹੋਇਆ ਵਿਵਾਦ
ਇਹ ਮਾਮਲਾ ਉਸ ਵੇਲੇ ਚਰਚਾ ‘ਚ ਆਇਆ ਜਦੋਂ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ। ਇਸ ਕਲਿੱਪ ਰਾਹੀਂ ਦਾਅਵਾ ਕੀਤਾ ਗਿਆ ਕਿ ਆਤਿਸ਼ੀ ਮਾਰਲੇਨਾ ਨੇ 6 ਜਨਵਰੀ ਨੂੰ ਸਦਨ ਵਿੱਚ ਗੁਰੂ ਤੇਗ ਬਹਾਦਰ ਜੀ ਪ੍ਰਤੀ ਅਪਮਾਨਜਨਕ ਸ਼ਬਦ ਵਰਤੇ।
ਰਾਜਨੀਤਕ ਦੋਸ਼-ਪ੍ਰਤੀਦੋਸ਼
ਇਹ ਵੀਡੀਓ ਕਪਿਲ ਮਿਸ਼ਰਾ ਸਮੇਤ ਕੁਝ ਭਾਜਪਾ ਨੇਤਾਵਾਂ ਵੱਲੋਂ ਸ਼ੇਅਰ ਕੀਤੀ ਗਈ, ਜਿਸ ਤੋਂ ਬਾਅਦ ਮਾਮਲਾ ਤਿੱਖੀ ਰਾਜਨੀਤਕ ਬਹਿਸ ‘ਚ ਬਦਲ ਗਿਆ। ਆਤਿਸ਼ੀ ਅਤੇ ਆਮ ਆਦਮੀ ਪਾਰਟੀ ਨੇ ਸ਼ੁਰੂ ਤੋਂ ਹੀ ਦਾਅਵਾ ਕੀਤਾ ਕਿ ਵੀਡੀਓ ਨੂੰ ਜਾਣ-ਬੁੱਝ ਕੇ ਐਡਿਟ ਕਰਕੇ ਗਲਤ ਰੂਪ ਵਿੱਚ ਪੇਸ਼ ਕੀਤਾ ਗਿਆ।
ਅਦਾਲਤ ਦਾ ਸਪੱਸ਼ਟ ਹੁਕਮ
ਅਦਾਲਤ ਨੇ ਹੁਕਮ ਦਿੱਤਾ ਹੈ ਕਿ ਜਿਨ੍ਹਾਂ ਵੀ ਅਕਾਊਂਟਾਂ, ਪੇਜਾਂ ਜਾਂ ਪਲੇਟਫਾਰਮਾਂ ਤੋਂ ਇਹ ਵੀਡੀਓ ਜਾਂ ਇਸ ਨਾਲ ਜੁੜੇ ਲਿੰਕ ਚਲਾਏ ਗਏ ਹਨ, ਉਹਨਾਂ ਨੂੰ ਤੁਰੰਤ ਹਟਾਇਆ ਜਾਵੇ। ਅਦਾਲਤ ਨੇ ਇਹ ਵੀ ਕਿਹਾ ਕਿ ਐਡਿਟ ਕੀਤੀ ਸਮੱਗਰੀ ਨਾਲ ਕਿਸੇ ਦੀ ਛਵੀ ਖਰਾਬ ਕਰਨਾ ਗੰਭੀਰ ਮਾਮਲਾ ਹੈ।

