ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਦੇ ਵਸਨੀਕਾਂ ਨੂੰ ਹਾਲੇ ਕੁਝ ਦਿਨ ਹੋਰ ਤਿੱਖੀ ਠੰਡ ਸਹਿਣੀ ਪਵੇਗੀ। ਮੌਸਮ ਵਿਭਾਗ ਨੇ ਵੀਰਵਾਰ ਲਈ ਸੂਬੇ ਭਰ ਵਿੱਚ ਸੀਤ ਲਹਿਰ ਅਤੇ ਸੰਘਣੀ ਧੁੰਦ ਨੂੰ ਲੈ ਕੇ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ। ਪਿਛਲੇ ਇੱਕ ਦਿਨ ਦੌਰਾਨ ਤਾਪਮਾਨ ਵਿੱਚ ਹਲਕਾ ਜਿਹਾ ਵਾਧਾ ਦਰਜ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਠੰਡ ਦਾ ਅਸਰ ਕਾਇਮ ਹੈ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਕਰੀਬ 6 ਡਿਗਰੀ ਘੱਟ, ਜਦਕਿ ਘੱਟੋ-ਘੱਟ ਤਾਪਮਾਨ ਵੀ ਲਗਭਗ 3 ਡਿਗਰੀ ਘੱਟ ਦਰਜ ਕੀਤਾ ਗਿਆ।
ਬਠਿੰਡਾ ਵਿੱਚ ਸਿਫ਼ਰ ਦ੍ਰਿਸ਼ਟੀ, ਜਨਜੀਵਨ ਪ੍ਰਭਾਵਿਤ
ਬਠਿੰਡਾ ਵਿੱਚ ਰਾਤ ਦਾ ਤਾਪਮਾਨ ਕਰੀਬ 1.6 ਡਿਗਰੀ ਸੈਲਸੀਅਸ ਦੇ ਨੇੜੇ ਰਿਹਾ। ਸਵੇਰ ਸਮੇਂ ਪਈ ਸੰਘਣੀ ਧੁੰਦ ਕਾਰਨ ਕਈ ਇਲਾਕਿਆਂ ਵਿੱਚ ਦ੍ਰਿਸ਼ਟੀ ਲਗਭਗ ਸਿਫ਼ਰ ਤੱਕ ਪਹੁੰਚ ਗਈ। ਇਸ ਕਾਰਨ ਸੜਕ ਅਤੇ ਹਵਾਈ ਆਵਾਜਾਈ ਨੂੰ ਭਾਰੀ ਦਿੱਕਤਾਂ ਆਈਆਂ। ਕੁਝ ਥਾਵਾਂ ’ਤੇ ਉਡਾਣਾਂ ਦੇ ਸਮੇਂ ਪ੍ਰਭਾਵਿਤ ਹੋਏ, ਜਦਕਿ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ਦੀਆਂ ਛੁੱਟੀਆਂ ਵੀ ਵਧਾ ਦਿੱਤੀਆਂ ਗਈਆਂ।
ਅਗਲੇ ਦੋ ਦਿਨ ਖ਼ਤਰਾ ਬਰਕਰਾਰ
ਭਾਰਤੀ ਮੌਸਮ ਵਿਭਾਗ ਅਨੁਸਾਰ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਦੌਰ ਅਗਲੇ ਦੋ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਵਧ ਸਕਦੀਆਂ ਹਨ ਅਤੇ ਖੇਤੀਬਾੜੀ ਨਾਲ ਨਾਲ ਆਵਾਜਾਈ ’ਤੇ ਵੀ ਅਸਰ ਪੈ ਸਕਦਾ ਹੈ।
ਪੰਜਾਬ ਦੇ ਕਿਹੜੇ ਸ਼ਹਿਰ ਰਹਿਣਗੇ ਧੁੰਦ ਦੀ ਲਪੇਟ ’ਚ
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਏਐਸ ਨਗਰ (ਮੁਹਾਲੀ) ਅਤੇ ਮਲੇਰਕੋਟਲਾ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ।
ਉੱਥੇ ਹੀ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਅਤੇ ਮਾਨਸਾ ਦੇ ਕੁਝ ਇਲਾਕਿਆਂ ਵਿੱਚ ਵੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ। ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਅਤੇ ਲੁਧਿਆਣਾ ਵਿੱਚ ਸੀਤ ਲਹਿਰ ਚੱਲਣ ਦੇ ਆਸਾਰ ਹਨ।
16 ਤੋਂ ਮੌਸਮ ਲਏਗਾ ਮੋੜ
ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਮੁਤਾਬਕ 17 ਤਰੀਕ ਤੱਕ ਮੌਸਮ ਖੁਸ਼ਕ ਰਹੇਗਾ ਅਤੇ ਮੀਂਹ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ 18 ਤੋਂ 20 ਤਰੀਕ ਦੇ ਵਿਚਕਾਰ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਅਗਲੇ ਪੰਜ ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਹੌਲੀ-ਹੌਲੀ 3 ਤੋਂ 5 ਡਿਗਰੀ ਤੱਕ ਵਾਧਾ ਹੋਣ ਦੀ ਉਮੀਦ ਹੈ।
ਪਹਾੜਾਂ ਦੀ ਬਰਫ਼ਬਾਰੀ ਦਾ ਅਸਰ
ਮੌਸਮ ਵਿਗਿਆਨੀਆਂ ਅਨੁਸਾਰ ਇਸ ਸਮੇਂ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵੱਲੋਂ ਆ ਰਹੀਆਂ ਠੰਡੀ ਹਵਾਵਾਂ ਨੇ ਪੰਜਾਬ ਵਿੱਚ ਠੰਡ ਵਧਾ ਦਿੱਤੀ ਹੈ। ਅੱਜ ਹਲਕਾ ਜਿਹਾ ਤਾਪਮਾਨ ਵਧ ਸਕਦਾ ਹੈ, ਪਰ 16 ਤਰੀਕ ਤੋਂ ਹਵਾਵਾਂ ਦੀ ਦਿਸ਼ਾ ਬਦਲਣ ਨਾਲ ਮੌਸਮ ਵਿੱਚ ਤਬਦੀਲੀ ਆਉਣ ਦੇ ਆਸਾਰ ਹਨ।

