ਜਮੂੰ :- ਜੰਮੂ-ਕਸ਼ਮੀਰ ਵਿੱਚ ਦਹਿਸ਼ਤਗਰਦੀ ਨਾਲ ਜੁੜੇ ਢਾਂਚੇ ਨੂੰ ਤੋੜਨ ਵੱਲ ਵੱਡੀ ਕਾਰਵਾਈ ਕਰਦਿਆਂ ਲੈਫ਼ਟੀਨੈਂਟ ਗਵਰਨਰ ਮਨੋਜ ਸਿੰਹਾ ਨੇ ਮੰਗਲਵਾਰ ਨੂੰ ਪੰਜ ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਉਨ੍ਹਾਂ ਦੇ ਆਤੰਕੀ ਸੰਗਠਨਾਂ ਨਾਲ ਸਿੱਧੇ ਜਾਂ ਅਪਰਾਧਿਕ ਸਬੰਧ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ।
ਕਈ ਦਹਾਕਿਆਂ ਤੋਂ ਸਾਜ਼ਿਸ਼ ਰਾਹੀਂ ਕੀਤੀ ਗਈ ਘੁਸਪੈਠ
ਸੁਰੱਖਿਆ ਏਜੰਸੀਆਂ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਆਤੰਕੀ ਸੰਗਠਨਾਂ ਅਤੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ.ਐੱਸ.ਆਈ. ਵੱਲੋਂ ਕਈ ਸਾਲਾਂ ਦੌਰਾਨ ਆਪਣੇ ਸਰਗਰਮ ਸਾਥੀਆਂ ਨੂੰ ਸਰਕਾਰੀ ਵਿਭਾਗਾਂ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਦਾ ਮਕਸਦ ਪ੍ਰਸ਼ਾਸਨ ਨੂੰ ਅੰਦਰੋਂ ਕਮਜ਼ੋਰ ਕਰਨਾ ਅਤੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਨਾ ਸੀ।
ਸੰਵਿਧਾਨ ਦੇ ਆਰਟੀਕਲ 311 ਅਧੀਨ ਕਾਰਵਾਈ
ਇਨ੍ਹਾਂ ਪੰਜਾਂ ਕਰਮਚਾਰੀਆਂ ਨੂੰ ਭਾਰਤੀ ਸੰਵਿਧਾਨ ਦੇ ਆਰਟੀਕਲ 311 (2)(c) ਤਹਿਤ ਤੁਰੰਤ ਨੌਕਰੀ ਤੋਂ ਹਟਾਇਆ ਗਿਆ। ਇਹ ਧਾਰਾ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਵਿੱਚ ਸਰਕਾਰ ਨੂੰ ਵਿਸ਼ੇਸ਼ ਅਧਿਕਾਰ ਦਿੰਦੀ ਹੈ।
ਕੌਣ ਹਨ ਬਰਖਾਸਤ ਕੀਤੇ ਕਰਮਚਾਰੀ
ਜਾਂਚ ਏਜੰਸੀਆਂ ਅਨੁਸਾਰ ਬਰਖਾਸਤ ਕੀਤਿਆਂ ਵਿੱਚ ਇੱਕ ਅਧਿਆਪਕ ਸ਼ਾਮਲ ਹੈ, ਜਿਸ ਦੇ ਲਸ਼ਕਰ-ਏ-ਤੋਇਬਾ ਨਾਲ ਸਬੰਧ ਦੱਸੇ ਜਾ ਰਹੇ ਹਨ। ਇਸ ਵਿਅਕਤੀ ਨੂੰ ਅਪ੍ਰੈਲ 2022 ਵਿੱਚ ਜੰਮੂ-ਕਸ਼ਮੀਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਪੁਲਿਸ ਖ਼ਿਲਾਫ਼ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ। ਹੋਰਾਂ ਵਿੱਚ ਇੱਕ ਲੈਬ ਟੈਕਨੀਸ਼ਨ, ਇੱਕ ਅਸਿਸਟੈਂਟ ਲਾਈਨਮੈਨ, ਫ਼ਾਰੈਸਟ ਵਿਭਾਗ ਦਾ ਫ਼ੀਲਡ ਵਰਕਰ ਅਤੇ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਦਾ ਡਰਾਈਵਰ ਸ਼ਾਮਲ ਹਨ, ਜਿਨ੍ਹਾਂ ਦੇ ਵੱਖ-ਵੱਖ ਆਤੰਕੀ ਗਰੁੱਪਾਂ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਗਿਆ ਹੈ।
2021 ਤੋਂ ਲਗਾਤਾਰ ਚੱਲ ਰਹੀ ਮੁਹਿੰਮ
ਸੁਰੱਖਿਆ ਸੂਤਰਾਂ ਮੁਤਾਬਕ ਲੈਫ਼ਟੀਨੈਂਟ ਗਵਰਨਰ ਮਨੋਜ ਸਿੰਹਾ ਨੇ 2021 ਤੋਂ ਆਤੰਕੀ ਨੈੱਟਵਰਕ ਨੂੰ ਤੋੜਨ ਲਈ ਵਿਸਤ੍ਰਿਤ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦੌਰਾਨ ਫੰਡਿੰਗ ਤੋਂ ਲੈ ਕੇ ਜਮੀਨੀ ਸਹਾਇਤਾ ਤੱਕ, ਦਹਿਸ਼ਤਗਰਦੀ ਨਾਲ ਜੁੜੇ ਹਰੇਕ ਤੱਤ ‘ਤੇ ਕਾਰਵਾਈ ਕੀਤੀ ਗਈ। ਹੁਣ ਤੱਕ 85 ਤੋਂ ਵੱਧ ਸਰਕਾਰੀ ਕਰਮਚਾਰੀਆਂ ਨੂੰ ਆਤੰਕੀ ਸਬੰਧਾਂ ਕਾਰਨ ਬਰਖਾਸਤ ਕੀਤਾ ਜਾ ਚੁੱਕਾ ਹੈ।
ਸਰਕਾਰੀ ਤੰਤਰ ਦੀ ਸਫ਼ਾਈ ਦਾ ਦਾਅਵਾ
ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ ਸਰਕਾਰੀ ਮਸ਼ੀਨਰੀ ਨੂੰ ਆਤੰਕੀ ਪ੍ਰਭਾਵ ਤੋਂ ਮੁਕਤ ਕਰਨ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ, ਸਖ਼ਤ ਫ਼ੈਸਲਿਆਂ ਨਾਲ ਪ੍ਰਸ਼ਾਸਨ ਦੀ ਭਰੋਸੇਯੋਗਤਾ ਮਜ਼ਬੂਤ ਹੋਵੇਗੀ ਅਤੇ ਲੋਕਾਂ ਦਾ ਵਿਸ਼ਵਾਸ ਵਧੇਗਾ।
ਕੇਂਦਰੀ ਗ੍ਰਹਿ ਮੰਤਰੀ ਦਾ ਸਖ਼ਤ ਸੰਦੇਸ਼
ਇਹ ਕਦਮ ਉਸ ਤੋਂ ਬਾਅਦ ਸਾਹਮਣੇ ਆਇਆ ਹੈ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਰੱਖਿਆ ਸਮੀਖਿਆ ਮੀਟਿੰਗ ਦੌਰਾਨ ਸਾਰੀਆਂ ਏਜੰਸੀਆਂ ਨੂੰ ਆਤੰਕੀ ਢਾਂਚੇ ਅਤੇ ਫੰਡਿੰਗ ਖ਼ਿਲਾਫ਼ ਮਿਸ਼ਨ ਮੋਡ ‘ਚ ਕਾਰਵਾਈ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਮਿਲੀ ਸਫ਼ਲਤਾ ਨੂੰ ਕਾਇਮ ਰੱਖਣਾ ਅਤੇ ਜੰਮੂ-ਕਸ਼ਮੀਰ ਨੂੰ ਦਹਿਸ਼ਤਗਰਦੀ ਤੋਂ ਮੁਕਤ ਬਣਾਉਣਾ ਸਰਕਾਰ ਦੀ ਪਹਿਲ ਹੈ।
ਆਤੰਕ ਮੁਕਤ ਜੰਮੂ-ਕਸ਼ਮੀਰ ਦਾ ਟੀਚਾ
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਜੰਮੂ-ਕਸ਼ਮੀਰ ਵਿੱਚ ਸਥਾਈ ਅਮਨ ਕਾਇਮ ਕਰਨ ਅਤੇ ਦਹਿਸ਼ਤਗਰਦੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਵਚਨਬੱਧ ਹੈ, ਜਿਸ ਲਈ ਹਰ ਲੋੜੀਂਦਾ ਸਾਧਨ ਉਪਲਬਧ ਕਰਵਾਇਆ ਜਾਵੇਗਾ।

