ਅੰਮ੍ਰਿਤਸਰ :- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਗੁੰਮ ਹੋਣ ਦੇ ਗੰਭੀਰ ਮਾਮਲੇ ਦੀ ਜਾਂਚ ਹੁਣ ਵਿਸ਼ੇਸ਼ ਜਾਂਚ ਕਮੇਟੀ (ਸਿੱਟ) ਵਲੋਂ ਤੇਜ਼ ਕਰ ਦਿੱਤੀ ਗਈ ਹੈ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਸਿੱਟ ਨੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੱਕ ਜਾਂਚੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
SGPC ਅੰਮ੍ਰਿਤਸਰ ਦਫ਼ਤਰ ‘ਚ ਸਿੱਟ ਦੀ ਹਾਜ਼ਰੀ
ਜਾਣਕਾਰੀ ਅਨੁਸਾਰ ਅੱਜ ਵਿਸ਼ੇਸ਼ ਜਾਂਚ ਟੀਮ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਪੁੱਜੀ, ਜਿੱਥੇ ਪਾਵਨ ਸਰੂਪਾਂ ਨਾਲ ਸੰਬੰਧਿਤ ਰਿਕਾਰਡ ਅਤੇ ਦਸਤਾਵੇਜ਼ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਸਿੱਟ ਵਲੋਂ ਪਿਛਲੇ ਸਾਲਾਂ ਦੌਰਾਨ ਹੋਏ ਲੈਣ-ਦੇਣ ਅਤੇ ਪ੍ਰਬੰਧਕੀ ਫੈਸਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਸਥਿਤ SGPC ਦਫ਼ਤਰ ਵੀ ਜਾਂਚ ਦੇ ਘੇਰੇ ‘ਚ
ਸੂਤਰਾਂ ਮੁਤਾਬਕ ਸਿੱਟ ਦੀ ਟੀਮ ਚੰਡੀਗੜ੍ਹ ਦੇ ਸੈਕਟਰ-5 ਵਿਚ ਸਥਿਤ SGPC ਦਫ਼ਤਰ ਵੀ ਪਹੁੰਚੇਗੀ, ਜਿੱਥੇ ਮਾਮਲੇ ਨਾਲ ਜੁੜੇ ਹੋਰ ਅਹਿਮ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ। ਇਸ ਕਦਮ ਨਾਲ ਜਾਂਚ ਦਾ ਦਾਇਰਾ ਹੋਰ ਵਿਸਤਾਰਿਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ SGPC ਵਲੋਂ ਸਹਿਯੋਗ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਪਹਿਲਾਂ ਹੀ SGPC ਨੂੰ ਸਿੱਟ ਨਾਲ ਪੂਰਾ ਸਹਿਯੋਗ ਕਰਨ ਦੇ ਨਿਰਦੇਸ਼ ਦੇ ਚੁੱਕੇ ਹਨ। ਜਥੇਦਾਰ ਗੜਗੱਜ ਨੇ ਸਪੱਸ਼ਟ ਕੀਤਾ ਸੀ ਕਿ ਭਾਵੇਂ ਖ਼ਾਲਸਾ ਪੰਥ ਨੇ ਹਮੇਸ਼ਾ ਆਪਣੀ ਸੰਸਥਾਗਤ ਖੁਦਮੁਖਤਿਆਰੀ ਨੂੰ ਕਾਇਮ ਰੱਖਿਆ ਹੈ, ਪਰ ਪਾਵਨ ਸਰੂਪਾਂ ਦੇ ਮਾਮਲੇ ‘ਚ ਪੰਥਕ ਹਿੱਤ ਸਭ ਤੋਂ ਉੱਪਰ ਹਨ।
ਪੰਥਕ ਹਿੱਤਾਂ ਲਈ ਸਰਕਾਰ ਨਾਲ ਸਹਿਯੋਗ ਜ਼ਰੂਰੀ
ਗਿਆਨੀ ਗੜਗੱਜ ਨੇ ਇਹ ਵੀ ਕਿਹਾ ਸੀ ਕਿ ਕੁਝ ਤੱਤਾਂ ਵਲੋਂ ਸੰਗਤ ਵਿਚ ਪੈਦਾ ਕੀਤੀ ਜਾ ਰਹੀ ਭ੍ਰਮਕ ਸਥਿਤੀ ਨੂੰ ਖ਼ਤਮ ਕਰਨ ਅਤੇ ਸੱਚ ਸਾਹਮਣੇ ਲਿਆਉਣ ਲਈ ਮੌਜੂਦਾ ਜਾਂਚ ‘ਚ ਸਰਕਾਰ ਨਾਲ ਬਣਦਾ ਸਹਿਯੋਗ ਕਰਨਾ ਲਾਜ਼ਮੀ ਹੈ, ਤਾਂ ਜੋ ਪੰਥਕ ਮਰਿਆਦਾ ਅਤੇ ਆਸਥਾ ‘ਤੇ ਕੋਈ ਆਂਚ ਨਾ ਆਵੇ।

