ਤਰਨਤਾਰਨ :- ਗਣਤੰਤਰ ਦਿਵਸ ਤੋਂ ਪਹਿਲਾਂ ਪੰਜਾਬ ਦੀ ਸੁਰੱਖਿਆ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਹੇ ਤੱਤਾਂ ਨੂੰ ਤਰਨਤਾਰਨ ਪੁਲਿਸ ਨੇ ਸਮੇਂ ਸਿਰ ਕਾਬੂ ਕਰ ਲਿਆ। ਪੁਲਿਸ ਵੱਲੋਂ ਕੀਤੀ ਗਈ ਇਕ ਵੱਡੀ ਰਾਤੀ ਕਾਰਵਾਈ ਦੌਰਾਨ ਭਾਰੀ ਮਾਤਰਾ ਵਿੱਚ ਖ਼ਤਰਨਾਕ ਹਥਿਆਰ, ਗੋਲੀ-ਸਿੱਕਾ, ਨਸ਼ੀਲੇ ਪਦਾਰਥ ਅਤੇ ਮਹਿੰਗੀਆਂ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ ਕਰੀਬ ਛੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਦੇਰ ਰਾਤ ਛਾਪੇਮਾਰੀ, ਪਿੰਡ ਕੱਕਾ ਕੰਡਿਆਲਾ ਬਣਿਆ ਕੇਂਦਰ
ਸੂਤਰਾਂ ਮੁਤਾਬਕ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਕੱਕਾ ਕੰਡਿਆਲਾ ਵਿੱਚ ਬੀਤੀ ਦੇਰ ਰਾਤ ਕਰੀਬ ਇਕ ਵਜੇ ਪੁਲਿਸ ਨੇ ਸੁਚਨਾ ਦੇ ਆਧਾਰ ’ਤੇ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ। ਕਾਰਵਾਈ ਦੌਰਾਨ ਪੁਲਿਸ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਘੇਰ ਕੇ ਸ਼ੱਕੀ ਤੱਤਾਂ ਨੂੰ ਕਾਬੂ ਕੀਤਾ।
ਵਿਦੇਸ਼ੀ ਪਿਸਤੌਲ ਤੋਂ ਰਾਕੇਟ ਲਾਂਚਰ ਤੱਕ ਬਰਾਮਦਗੀ
ਛਾਪੇਮਾਰੀ ਦੌਰਾਨ ਪੁਲਿਸ ਦੇ ਹੱਥ ਨਵੀਂ ਤਕਨੀਕ ਨਾਲ ਤਿਆਰ ਕੀਤੇ ਛੇ ਵਿਦੇਸ਼ੀ ਪਿਸਤੌਲ, ਅਸਾਲਟ ਰਾਈਫਲ ਦੇ ਮੈਗਜ਼ੀਨ, ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਕਈ ਲਗਜ਼ਰੀ ਗੱਡੀਆਂ ਲੱਗੀਆਂ। ਸਭ ਤੋਂ ਚੌਕਾਣ ਵਾਲੀ ਗੱਲ ਇਹ ਰਹੀ ਕਿ ਮੁਲਜ਼ਮਾਂ ਕੋਲੋਂ ਰਾਕੇਟ ਲਾਂਚਰ ਵਰਗਾ ਬਹੁਤ ਹੀ ਖ਼ਤਰਨਾਕ ਹਥਿਆਰ ਵੀ ਮਿਲਿਆ, ਜਿਸਨੂੰ ਕਿਸੇ ਵੱਡੀ ਵਾਰਦਾਤ ਲਈ ਵਰਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪੁਲਿਸ ਵੱਲੋਂ ਅਧਿਕਾਰਤ ਖ਼ੁਲਾਸੇ ਦੀ ਤਿਆਰੀ
ਡੀ. ਐੱਸ. ਪੀ. (ਡਿਟੈਕਟਿਵ) ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਨਿਯਮਤ ਤੌਰ ’ਤੇ ਅਪਰਾਧ ਵਿਰੋਧੀ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ, ਪਰ ਇਸ ਮਾਮਲੇ ਨਾਲ ਜੁੜੀ ਪੂਰੀ ਜਾਣਕਾਰੀ ਪ੍ਰੈੱਸ ਕਾਨਫਰੰਸ ਰਾਹੀਂ ਹੀ ਸਾਂਝੀ ਕੀਤੀ ਜਾਵੇਗੀ। ਉਮੀਦ ਜਤਾਈ ਜਾ ਰਹੀ ਹੈ ਕਿ ਮੰਗਲਵਾਰ ਨੂੰ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਵੱਲੋਂ ਇਸ ਵੱਡੀ ਬਰਾਮਦਗੀ ਅਤੇ ਸਾਜ਼ਿਸ਼ ਬਾਰੇ ਵਿਸਥਾਰ ਨਾਲ ਖ਼ੁਲਾਸਾ ਕੀਤਾ ਜਾਵੇਗਾ।
ਜਾਂਚ ਜਾਰੀ, ਸੁਰੱਖਿਆ ਏਜੰਸੀਆਂ ਸਚੇਤ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਜਾਂਚ ਦਾ ਦਾਇਰਾ ਹੋਰ ਵਧਾਇਆ ਜਾ ਰਿਹਾ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਸਾਜ਼ਿਸ਼ ਦੇ ਤਾਰ ਕਿੱਥੇ-ਕਿੱਥੇ ਜੁੜਦੇ ਹਨ। ਗਣਤੰਤਰ ਦਿਵਸ ਤੋਂ ਪਹਿਲਾਂ ਇਸ ਕਾਰਵਾਈ ਨੂੰ ਸੁਰੱਖਿਆ ਏਜੰਸੀਆਂ ਲਈ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ।

