ਬਰਨਾਲਾ :- ਬਰਨਾਲਾ ਸ਼ਹਿਰ ਦੇ ਯੂਨੀਵਰਸਿਟੀ ਕਾਲਜ ਨੇੜਲੇ ਸੰਧੂ ਪੱਤੀ ਇਲਾਕੇ ਵਿੱਚ ਦੇਰ ਰਾਤ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਅਣਪਛਾਤੇ ਹਮਲਾਵਰਾਂ ਨੇ ਇੱਕ ਵਿਧਵਾ ਪੁਲਸ ਮੁਲਾਜ਼ਮ ਦੇ ਘਰ ਵਿੱਚ ਦਾਖ਼ਲ ਹੋ ਕੇ ਸੁੱਤੇ ਪਏ ਨੌਜਵਾਨ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਹਮਲਾ ਇਥੇ ਹੀ ਨਹੀਂ ਰੁਕਿਆ, ਜਦੋਂ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਾਹ ਵਿੱਚ ਉਸ ਦੇ ਚਾਚੇ ‘ਤੇ ਵੀ ਗੋਲੀਆਂ ਵਰ੍ਹਾ ਦਿੱਤੀਆਂ ਗਈਆਂ।
ਘਰ ਦਾ ਗੇਟ ਤੋੜ ਕੇ ਕੀਤੀ ਦਾਖ਼ਲ, ਕਮਰੇ ‘ਚ ਸੋ ਰਿਹਾ ਸੀ ਨੌਜਵਾਨ
ਪੀੜਤ ਮਹਿਲਾ ਸਰਬਜੀਤ ਕੌਰ, ਜੋ ਪੰਜਾਬ ਪੁਲਸ ‘ਚ ਹੋਮਗਾਰਡ ਵਜੋਂ ਤਾਇਨਾਤ ਹੈ, ਨੇ ਦੱਸਿਆ ਕਿ ਰਾਤ ਸਮੇਂ ਤਿੰਨ ਨੌਜਵਾਨ ਘਰ ਦਾ ਬਾਹਰੀ ਗੇਟ ਜ਼ਬਰਦਸਤੀ ਤੋੜ ਕੇ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਸਿੱਧਾ ਕਮਰੇ ਵੱਲ ਰੁਖ਼ ਕਰਦਿਆਂ ਉਸ ਦੇ 22 ਸਾਲਾ ਪੁੱਤਰ ਆਕਾਸ਼ਦੀਪ ‘ਤੇ ਗੋਲੀਆਂ ਚਲਾ ਦਿੱਤੀਆਂ, ਜੋ ਉਸ ਸਮੇਂ ਡੂੰਘੀ ਨੀਂਦ ਵਿੱਚ ਸੀ।
ਰਸਤੇ ‘ਚ ਘੇਰ ਕੇ ਚਾਚੇ ਨੂੰ ਵੀ ਬਣਾਇਆ ਨਿਸ਼ਾਨਾ
ਫਾਇਰਿੰਗ ਵਿੱਚ ਗੰਭੀਰ ਜ਼ਖ਼ਮੀ ਹੋਏ ਆਕਾਸ਼ਦੀਪ ਨੂੰ ਜਦੋਂ ਉਸ ਦਾ ਚਾਚਾ ਮੱਖਣ ਸਿੰਘ ਹਸਪਤਾਲ ਵੱਲ ਲੈ ਕੇ ਜਾ ਰਿਹਾ ਸੀ, ਤਾਂ ਹਮਲਾਵਰਾਂ ਨੇ ਰਾਹ ਵਿੱਚ ਉਨ੍ਹਾਂ ਨੂੰ ਰੋਕ ਲਿਆ ਅਤੇ ਮੁੜ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਦੌਰਾਨ ਮੱਖਣ ਸਿੰਘ ਦੇ ਹੱਥ ਵਿੱਚ ਦੋ ਗੋਲੀਆਂ ਲੱਗੀਆਂ ਅਤੇ ਉਹ ਵੀ ਗੰਭੀਰ ਜ਼ਖ਼ਮੀ ਹੋ ਗਿਆ।
ਇਲਾਕੇ ‘ਚ ਹੋਰ ਨੌਜਵਾਨ ਵੀ ਜ਼ਖ਼ਮੀ
ਇਸ ਖੂਨੀ ਘਟਨਾ ਦੌਰਾਨ ਨੇੜੇ ਖੜ੍ਹੇ ਅਰਵਿੰਦ ਕੁਮਾਰ ਨਾਂ ਦੇ ਨੌਜਵਾਨ ਨੂੰ ਵੀ ਗੋਲੀਆਂ ਲੱਗੀਆਂ। ਘਟਨਾ ਸਥਾਨ ਤੋਂ ਕਮਰੇ ਦੇ ਬੈੱਡ ਕੋਲ ਅਤੇ ਗਲੀ ਵਿੱਚੋਂ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ, ਜਿਸ ਨਾਲ ਹਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਧਮਕੀਆਂ ਦੀਆਂ ਸ਼ਿਕਾਇਤਾਂ ਪਹਿਲਾਂ ਹੀ ਕੀਤੀਆਂ ਸਨ
ਰੋਂਦਿਆਂ ਹੋਇਆਂ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਸਨ, ਜਿਨ੍ਹਾਂ ਬਾਰੇ ਪੁਲਸ ਨੂੰ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਸਮੇਂ ‘ਤੇ ਕਾਰਵਾਈ ਨਾ ਹੋਣ ਕਾਰਨ ਅੱਜ ਇਹ ਭਿਆਨਕ ਵਾਰਦਾਤ ਵਾਪਰੀ।
ਜ਼ਖ਼ਮੀਆਂ ਨੂੰ ਏਮਜ਼ ਬਠਿੰਡਾ ਰੈਫ਼ਰ
ਆਕਾਸ਼ਦੀਪ ਅਤੇ ਅਰਵਿੰਦ ਕੁਮਾਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਸਥਿਤ ਏਮਜ਼ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ, ਜਦਕਿ ਮੱਖਣ ਸਿੰਘ ਦਾ ਇਲਾਜ ਸਿਵਲ ਹਸਪਤਾਲ ਵਿੱਚ ਜਾਰੀ ਹੈ।
ਪੁਲਸ ਦਾ ਦਾਅਵਾ: ਝਗੜੇ ਦਾ ਮਾਮਲਾ, ਟੀਮਾਂ ਤਾਇਨਾਤ
ਇਸ ਸਬੰਧੀ ਐੱਸ.ਐੱਚ.ਓ. ਚਰਨਜੀਤ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਘਟਨਾ ਪੁਰਾਣੇ ਝਗੜੇ ਨਾਲ ਜੁੜੀ ਲੱਗਦੀ ਹੈ। ਪੁਲਸ ਨੇ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਗਠਿਤ ਕਰ ਦਿੱਤੀਆਂ ਹਨ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।

