ਜਲੰਧਰ :- ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਅੱਜ ਇੱਕ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਦੌਰੇ ਦੌਰਾਨ ‘ਸਟਾਰਟਅੱਪ ਪੰਜਾਬ ਕਨਕਲੇਵ’ ਵਿੱਚ ਸ਼ਾਮਲ ਹੋਣਗੇ।
ਕਾਰੋਬਾਰੀ ਜਗਤ ਦੀ ਹਾਜ਼ਰੀ, ਨਿਵੇਸ਼ ‘ਤੇ ਰਹੇਗੀ ਨਜ਼ਰ
ਇਸ ਕਨਕਲੇਵ ਵਿੱਚ ਸੂਬੇ ਭਰ ਤੋਂ ਆਏ ਪ੍ਰਮੁੱਖ ਉਦਯੋਗਪਤੀ, ਨਿਵੇਸ਼ਕ ਅਤੇ ਕਾਰੋਬਾਰੀ ਹਿੱਸਾ ਲੈਣਗੇ। ਸਰਕਾਰੀ ਸਰੋਤਾਂ ਅਨੁਸਾਰ, ਮੁੱਖ ਮੰਤਰੀ ਵੱਲੋਂ ਇਸ ਮੰਚ ਤੋਂ ਨੌਜਵਾਨਾਂ ਲਈ ਨਵੇਂ ਸਟਾਰਟਅੱਪ ਮਾਡਲਾਂ ਅਤੇ ਨਿਵੇਸ਼ ਨਾਲ ਜੁੜੀਆਂ ਯੋਜਨਾਵਾਂ ਬਾਰੇ ਐਲਾਨ ਕੀਤੇ ਜਾ ਸਕਦੇ ਹਨ।
ਸਟਾਰਟਅੱਪ ਐਪ ਰਾਹੀਂ ਆਸਾਨ ਕਰਜ਼ਾ
ਇਸ ਕਨਕਲੇਵ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੌਜਵਾਨਾਂ ਲਈ ਇੱਕ ਡਿਜ਼ੀਟਲ ਪਹਿਲ ਕਰ ਚੁੱਕੀ ਹੈ। ਸਰਕਾਰ ਵੱਲੋਂ ਲਾਂਚ ਕੀਤੀ ਗਈ ਸਟਾਰਟਅੱਪ ਐਪ ਰਾਹੀਂ ਨੌਜਵਾਨ ਆਸਾਨ ਸ਼ਰਤਾਂ ‘ਤੇ ਕਾਰੋਬਾਰ ਸ਼ੁਰੂ ਕਰਨ ਲਈ ਵਿੱਤੀ ਸਹਾਇਤਾ ਹਾਸਲ ਕਰ ਸਕਦੇ ਹਨ। ਐਪ ਰਾਹੀਂ ਘੱਟ ਵਿਆਜ ਦਰਾਂ ਅਤੇ ਸੁਗਮ ਕਿਸ਼ਤਾਂ ਵਿੱਚ ਕਰਜ਼ਾ ਉਪਲਬਧ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ।
ਲਵਲੀ ਯੂਨੀਵਰਸਿਟੀ ਬਣੇਗੀ ਮੰਚ
ਸਟਾਰਟਅੱਪ ਪੰਜਾਬ ਕਨਕਲੇਵ ਦੁਪਹਿਰ 12 ਵਜੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿੱਥੇ ਸਰਕਾਰ ਅਤੇ ਨੌਜਵਾਨ ਉਦਯੋਗਪਤੀਆਂ ਵਿਚਕਾਰ ਸਿੱਧਾ ਸੰਵਾਦ ਹੋਵੇਗਾ।
ਰੋਜ਼ਗਾਰ ਦੀ ਸੋਚ, ਸਟਾਰਟਅੱਪ ਰਾਹੀਂ ਹੱਲ
ਸਰਕਾਰੀ ਹਲਕਿਆਂ ਵਿੱਚ ਇਸ ਕਨਕਲੇਵ ਨੂੰ ਨੌਜਵਾਨਾਂ ਨੂੰ ਨੌਕਰੀ ਮੰਗਣ ਵਾਲੇ ਤੋਂ ਨੌਕਰੀ ਦੇਣ ਵਾਲੇ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਪਹਲ ਵਜੋਂ ਦੇਖਿਆ ਜਾ ਰਿਹਾ ਹੈ।

