ਚੰਡੀਗੜ :- ਅਮਰੀਕਾ ਦੇ ਨਾਰਥ ਹਾਲੀਵੁੱਡ ‘ਚ 70 ਸਾਲਾ ਸਿੱਖ ਬਜ਼ੁਰਗ ਸ਼੍ਰੀ ਹਰਪਾਲ ਸਿੰਘ ‘ਤੇ ਹੋਏ ਬੇਰਹਿਮ ਹਮਲੇ ਨੇ ਸਿੱਖ ਭਾਈਚਾਰੇ ਸਮੇਤ ਦੁਨੀਆ ਭਰ ‘ਚ ਰੋਸ ਪੈਦਾ ਕਰ ਦਿੱਤਾ ਹੈ। ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਬਜ਼ੁਰਗ ਨੂੰ ਖੂਨ ਨਾਲ ਲਥਪਥ ਹਾਲਤ ‘ਚ ਜ਼ਮੀਨ ‘ਤੇ ਬੈਠਿਆ ਦੇਖਿਆ ਗਿਆ। ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਨਫ਼ਰਤ ਅਤੇ ਨਸਲੀ ਭੇਦਭਾਵ ਤੋਂ ਪ੍ਰੇਰਿਤ ਹਮਲਾ
ਪ੍ਰਾਰੰਭਿਕ ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਇਹ ਹਮਲਾ ਨਸਲੀ ਅਤੇ ਨਫ਼ਰਤ ਦੀ ਭਾਵਨਾ ਨਾਲ ਕੀਤਾ ਗਿਆ ਸੀ। ਹਮਲਾਵਰਾਂ ਨੇ ਉਨ੍ਹਾਂ ਦੀ ਧਾਰਮਿਕ ਪਹਿਚਾਣ, ਰੂਪ-ਰੰਗ ਅਤੇ ਕੌਮੀ ਹਸਤੀ ਨੂੰ ਨਿਸ਼ਾਨਾ ਬਣਾਇਆ। ਹਸਪਤਾਲ ‘ਚ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਸਖ਼ਤ ਨਿਗਰਾਨੀ ਹੇਠ ਰੱਖਿਆ ਗਿਆ ਹੈ। ਮਰੀਜ ਇਸ ਵੇਲੇ ਕੋਮਾ ਚ ਜਾ ਚੁੱਕਾ ਹੈ।
ਹਰਭਜਨ ਸਿੰਘ ਦਾ ਰੋਸ – “ਇਹ ਹਮਲਾ ਮਨੁੱਖਤਾ ‘ਤੇ ਸਿੱਧਾ ਵਾਰ”
ਜਲੰਧਰ ਨਾਲ ਸੰਬੰਧਤ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਇਸ ਘਟਨਾ ‘ਤੇ ਗਹਿਰਾ ਦੁੱਖ ਅਤੇ ਰੋਸ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ –
ਕਿਸੇ ਨੂੰ ਉਸ ਦੀ ਆਸਥਾ, ਕੌਮੀ ਪਹਿਚਾਣ ਜਾਂ ਰੂਪ-ਰੰਗ ਦੇ ਆਧਾਰ ‘ਤੇ ਨਿਸ਼ਾਨਾ ਬਣਾਉਣਾ ਕਾਇਰਤਾ ਅਤੇ ਨੀਚਤਾ ਹੈ। ਇਹ ਹਮਲਾ ਸਿਰਫ਼ ਇੱਕ ਵਿਅਕਤੀ ‘ਤੇ ਨਹੀਂ, ਸਗੋਂ ਮਨੁੱਖਤਾ, ਵਿਭਿੰਨਤਾ ਅਤੇ ਆਪਸੀ ਆਦਰ-ਸੰਮਾਨ ਵਰਗੇ ਮੁੱਲਾਂ ‘ਤੇ ਸਿੱਧਾ ਵਾਰ ਹੈ।”
ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਹਰਭਜਨ ਸਿੰਘ ਨੇ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ –
“ਨਿਆਂ ਸਿਰਫ਼ ਕੀਤਾ ਹੀ ਨਾ ਜਾਵੇ, ਸਗੋਂ ਹੁੰਦਾ ਹੋਇਆ ਵੀ ਦਿਸਣਾ ਚਾਹੀਦਾ ਹੈ।”
ਸਿੱਖ ਭਾਈਚਾਰੇ ਦਾ ਗੁੱਸਾ
ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ‘ਚ ਭਾਰੀ ਰੋਸ ਹੈ। ਸਿੱਖ ਸੰਸਥਾਵਾਂ ਨੇ ਇਸਨੂੰ ਸਾਫ਼-ਸਾਫ਼ ਨਫ਼ਰਤ-ਪ੍ਰੇਰਿਤ ਹਮਲਾ ਦੱਸਦਿਆਂ ਅਮਰੀਕੀ ਪ੍ਰਸ਼ਾਸਨ ਤੋਂ ਤੁਰੰਤ ਅਤੇ ਕੜੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਐਸੇ ਹਮਲਿਆਂ ‘ਤੇ ਸਖ਼ਤ ਕਾਰਵਾਈ ਹੀ ਭਵਿੱਖ ‘ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕ ਸਕਦੀ ਹੈ।
ਪਰਿਵਾਰ ਲਈ ਸਮਰਥਣ ਅਤੇ ਦੂਆਵਾਂ
ਹਰਭਜਨ ਸਿੰਘ ਨੇ ਸ਼੍ਰੀ ਹਰਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਲਈ ਗਹਿਰੀ ਸੰਵੇਦਨਾ ਜਤਾਈ ਅਤੇ ਉਨ੍ਹਾਂ ਦੀ ਜਲਦੀ ਤੰਦਰੁਸਤੀ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ –
“ਅਸੀਂ ਇਸ ਮੁਸ਼ਕਲ ਘੜੀ ‘ਚ ਹਰਪਾਲ ਸਿੰਘ ਦੇ ਪਰਿਵਾਰ ਨਾਲ ਖੜੇ ਹਾਂ।”