ਜਲੰਧਰ :- ਜਲੰਧਰ ਜ਼ਿਲ੍ਹੇ ਵਿੱਚ ਚੋਰੀਆਂ ਦੀ ਲੜੀ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਚੋਰਾਂ ਵੱਲੋਂ ਲਗਾਤਾਰ ਗਹਿਣਿਆਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਆਦਮਪੁਰ ਬਾਜ਼ਾਰ ਦੇ ਚੌਕ ਘੰਟਾਘਰ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਅਣਪਛਾਤੇ ਚੋਰਾਂ ਨੇ ਲਕਸ਼ਮੀ ਜਵੈਲਰਜ਼ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ।
ਚੌਥੀ ਮੰਜ਼ਿਲ ਦੀ ਸਕਾਈਲਾਈਟ ਬਣੀ ਦਾਖ਼ਲੇ ਦਾ ਰਾਹ
ਮਿਲੀ ਜਾਣਕਾਰੀ ਅਨੁਸਾਰ ਚੋਰਾਂ ਨੇ ਦੁਕਾਨ ਦੇ ਬਾਹਰੀ ਸ਼ਟਰ ਤੋੜਨ ਦੀ ਬਜਾਏ ਚੌਥੀ ਮੰਜ਼ਿਲ ਉੱਤੇ ਬਣੀ ਸਕਾਈਲਾਈਟ ਦੀ ਗਰਿੱਲ ਕੱਟੀ ਅਤੇ ਉਥੋਂ ਅੰਦਰ ਦਾਖ਼ਲ ਹੋਏ। ਅੰਦਰ ਜਾ ਕੇ ਉਨ੍ਹਾਂ ਨੇ ਦੁਕਾਨ ਵਿੱਚ ਰੱਖੇ ਕੀਮਤੀ ਗਹਿਣਿਆਂ ਨੂੰ ਨਿਸ਼ਾਨਾ ਬਣਾਇਆ।
ਲੱਖਾਂ ਦੇ ਸੋਨੇ-ਚਾਂਦੀ ਦੇ ਗਹਿਣੇ ਗਾਇਬ
ਦੁਕਾਨ ਦੇ ਮਾਲਕ ਵਿਵੇਕ ਕਪੂਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਗਏ ਸਨ। ਸਵੇਰੇ ਜਦੋਂ ਦੁਕਾਨ ਖੋਲੀ ਗਈ ਤਾਂ ਅੰਦਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ। ਚੋਰ ਸ਼ੋਅਕੇਸਾਂ ਵਿੱਚੋਂ ਚਾਂਦੀ ਅਤੇ ਸੋਨੇ ਦੇ ਗਹਿਣੇ, ਨਾਲ ਹੀ ਗਾਹਕਾਂ ਵੱਲੋਂ ਮੁਰੰਮਤ ਲਈ ਦਿੱਤਾ ਗਿਆ ਸਮਾਨ ਵੀ ਲੈ ਗਏ। ਅੰਦਾਜ਼ੇ ਮੁਤਾਬਕ 15 ਤੋਂ 16 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਸੀਸੀਟੀਵੀ ਦਾ ਡੀਵੀਆਰ ਵੀ ਲੈ ਗਏ ਚੋਰ
ਚੋਰਾਂ ਨੇ ਆਪਣੀ ਪਛਾਣ ਲੁਕਾਉਣ ਲਈ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਨਾਲ ਲੈ ਗਿਆ, ਜਿਸ ਨਾਲ ਜਾਂਚ ਵਿੱਚ ਮੁਸ਼ਕਲਾਂ ਵਧ ਗਈਆਂ ਹਨ।
ਪੁਲਿਸ ਵੱਲੋਂ ਜਾਂਚ ਸ਼ੁਰੂ, ਨੇੜਲੇ ਕੈਮਰੇ ਖੰਗਾਲੇ ਜਾ ਰਹੇ
ਘਟਨਾ ਦੀ ਸੂਚਨਾ ਮਿਲਦੇ ਹੀ ਆਦਮਪੁਰ ਥਾਣੇ ਦੇ ਐਸਐਚਓ ਰਵਿੰਦਰ ਪਾਲ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਐਸਐਚਓ ਨੇ ਦਾਅਵਾ ਕੀਤਾ ਹੈ ਕਿ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਇਸ ਘਟਨਾ ਨੇ ਇਕ ਵਾਰ ਫਿਰ ਸ਼ਹਿਰ ਦੀ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜੇ ਕਰ ਦਿੱਤੇ ਹਨ ਅਤੇ ਵਪਾਰੀ ਵਰਗ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

