ਅਮਰੀਕਾ :- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਫਿਰ ਅੰਤਰਰਾਸ਼ਟਰੀ ਮੰਚ ’ਤੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਭਾਵਿਤ ਜੰਗ ਨੂੰ ਰੋਕਣ ’ਚ ਉਨ੍ਹਾਂ ਦੀ ਕੇਂਦਰੀ ਭੂਮਿਕਾ ਰਹੀ। ਟਰੰਪ ਨੇ ਕਿਹਾ ਕਿ ਜੇ ਨੋਬੇਲ ਸ਼ਾਂਤੀ ਪੁਰਸਕਾਰ ਦੀ ਗੱਲ ਕੀਤੀ ਜਾਵੇ, ਤਾਂ ਇਤਿਹਾਸ ਵਿੱਚ ਉਨ੍ਹਾਂ ਤੋਂ ਵੱਧ ਹੱਕਦਾਰ ਕੋਈ ਹੋਰ ਨਹੀਂ।
ਓਬਾਮਾ ਨੂੰ ਨੋਬਲ ਮਿਲਣ ’ਤੇ ਉਠਾਏ ਸਵਾਲ
ਰਾਸ਼ਟਰਪਤੀ ਟਰੰਪ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਿਲੇ ਨੋਬੇਲ ਸ਼ਾਂਤੀ ਪੁਰਸਕਾਰ ’ਤੇ ਵੀ ਤਿੱਖੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਓਬਾਮਾ ਵੱਲੋਂ ਅਜਿਹਾ ਕੋਈ ਠੋਸ ਕੰਮ ਨਹੀਂ ਕੀਤਾ ਗਿਆ ਸੀ, ਜਿਸ ਦੇ ਆਧਾਰ ’ਤੇ ਉਨ੍ਹਾਂ ਨੂੰ ਇਹ ਅੰਤਰਰਾਸ਼ਟਰੀ ਸਨਮਾਨ ਮਿਲਿਆ ਹੋਵੇ।
ਭਾਰਤ–ਪਾਕਿ ਸੰਘਰਸ਼ ਬਾਰੇ ਮੁੜ ਦੁਹਰਾਇਆ ਬਿਆਨ
ਵੈਨੇਜ਼ੁਏਲਾ ਦੇ ਤੇਲ ਭੰਡਾਰਾਂ ਨੂੰ ਲੈ ਕੇ ਤੇਲ ਅਤੇ ਗੈਸ ਖੇਤਰ ਦੀਆਂ ਕੰਪਨੀਆਂ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਟਰੰਪ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ ਮਈ ਮਹੀਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਦੌਰਾਨ ਹਾਲਾਤ ਇਤਨੇ ਗੰਭੀਰ ਹੋ ਚੁੱਕੇ ਸਨ ਕਿ ਅੱਠ ਲੜਾਕੂ ਜਹਾਜ਼ ਤਬਾਹ ਹੋ ਗਏ ਸਨ। ਹਾਲਾਂਕਿ, ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਜਹਾਜ਼ ਕਿਸ ਦੇ ਸਨ।
ਟਰੰਪ ਨੇ ਕਿਹਾ ਕਿ ਲੋਕ ਉਨ੍ਹਾਂ ਨਾਲ ਸਹਿਮਤ ਹੋਣ ਜਾਂ ਨਾ ਹੋਣ, ਪਰ ਉਨ੍ਹਾਂ ਕਈ ਅਜਿਹੇ ਸੰਘਰਸ਼ ਰੁਕਵਾਏ ਹਨ ਜੋ ਕਈ ਦਹਾਕਿਆਂ ਤੋਂ ਚੱਲ ਰਹੇ ਸਨ ਜਾਂ ਸ਼ੁਰੂ ਹੋਣ ਦੇ ਕਿਨਾਰੇ ’ਤੇ ਸਨ। ਉਨ੍ਹਾਂ ਮੁਤਾਬਕ ਭਾਰਤ–ਪਾਕਿ ਟਕਰਾਅ ਵੀ ਉਨ੍ਹਾਂ ਹੀ ਮਾਮਲਿਆਂ ਵਿੱਚੋਂ ਇੱਕ ਸੀ।
ਕੋਲੰਬੀਆ ਦੇ ਰਾਸ਼ਟਰਪਤੀ ਨਾਲ ਜਲਦ ਮੁਲਾਕਾਤ
ਇਸ ਦਰਮਿਆਨ ਟਰੰਪ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਫਰਵਰੀ ਦੇ ਸ਼ੁਰੂ ਵਿੱਚ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਤਰੋ ਨਾਲ ਮੁਲਾਕਾਤ ਕਰਨਗੇ। ਟਰੰਪ ਨੇ ਕੋਲੰਬੀਆ ਸਰਕਾਰ ਨੂੰ ਅਮਰੀਕਾ ਵੱਲ ਕੋਕੀਨ ਦੀ ਤਸਕਰੀ ਰੋਕਣ ਲਈ ਹੋਰ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਰੁਖ਼ ’ਚ ਅਚਾਨਕ ਬਦਲਾਅ
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਟਰੰਪ ਵੱਲੋਂ ਕੋਲੰਬੀਆ ਖ਼ਿਲਾਫ਼ ਸਖ਼ਤ ਰਵੱਈਏ ਦੇ ਸੰਕੇਤ ਦਿੱਤੇ ਗਏ ਸਨ। ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਫੜਨ ਲਈ ਕੀਤੀ ਅਮਰੀਕੀ ਫੌਜੀ ਕਾਰਵਾਈ ਤੋਂ ਬਾਅਦ, ਟਰੰਪ ਨੇ ਪੈਤਰੋ ਖ਼ਿਲਾਫ਼ ਵੀ ਕਠੋਰ ਕਦਮਾਂ ਦੀ ਗੱਲ ਕੀਤੀ ਸੀ। ਪਰ ਬੁੱਧਵਾਰ ਨੂੰ ਦੋਨਾਂ ਨੇਤਾਵਾਂ ਵਿਚਾਲੇ ਹੋਈ ਦੋਸਤਾਨਾ ਫ਼ੋਨ ਗੱਲਬਾਤ ਤੋਂ ਬਾਅਦ ਟਰੰਪ ਨੇ ਰਵੱਈਆ ਬਦਲਦਿਆਂ ਪੈਤਰੋ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ ਦਿੱਤਾ।

