ਜੈਪੁਰ :- ਦੇਰ ਰਾਤ ਜੈਪੁਰ ਦੀ ਪੱਤਰਕਾਰ ਕਲੋਨੀ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਖਰਬਾਸ ਸਰਕਲ ਨੇੜੇ ਇੱਕ ਤੇਜ਼ ਰਫ਼ਤਾਰ ਆਡੀ ਕਾਰ ਬੇਕਾਬੂ ਹੋ ਕੇ ਭਿਆਨਕ ਹਾਦਸੇ ਦਾ ਕਾਰਨ ਬਣ ਗਈ। ਕਾਰ ਨੇ ਪਹਿਲਾਂ ਸੜਕ ਦੇ ਡਿਵਾਈਡਰ ਨੂੰ ਟੱਕਰ ਮਾਰੀ ਅਤੇ ਫਿਰ ਸੜਕ ਕਿਨਾਰੇ ਮੌਜੂਦ ਪੈਦਲ ਚੱਲਣ ਵਾਲਿਆਂ ਅਤੇ ਖਾਣ-ਪੀਣ ਦੀਆਂ ਦੁਕਾਨਾਂ ‘ਚ ਜਾ ਵੜੀ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ 16 ਹੋਰ ਲੋਕ ਜ਼ਖ਼ਮੀ ਹੋ ਗਏ।
ਡਿਵਾਈਡਰ ਨਾਲ ਟੱਕਰ ਮਗਰੋਂ 30 ਮੀਟਰ ਤੱਕ ਮਚਾਇਆ ਤਬਾਹੀ ਦਾ ਮੰਜ਼ਰ
ਚਸ਼ਮਦੀਦਾਂ ਮੁਤਾਬਕ ਆਡੀ ਕਾਰ ਬੇਹੱਦ ਤੇਜ਼ ਗਤੀ ਨਾਲ ਆ ਰਹੀ ਸੀ। ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਾਰ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਈ ਅਤੇ ਲਗਭਗ 30 ਮੀਟਰ ਤੱਕ ਦੌੜਦੀ ਹੋਈ ਇੱਕ ਦਰਜਨ ਤੋਂ ਵੱਧ ਸੜਕ ਕਿਨਾਰੇ ਖੜੀਆਂ ਗੱਡੀਆਂ ਨਾਲ ਟਕਰਾ ਗਈ। ਇਸ ਦੌਰਾਨ ਖਾਣ-ਪੀਣ ਦੀਆਂ ਥੜ੍ਹੀਆਂ ਨੇੜੇ ਬੈਠੇ ਲੋਕ ਵੀ ਕਾਰ ਦੀ ਚਪੇਟ ‘ਚ ਆ ਗਏ।
ਪੁਲਿਸ ਮੌਕੇ ‘ਤੇ, ਆਡੀ ਕਾਰ ਜ਼ਬਤ
ਘਟਨਾ ਦੀ ਸੂਚਨਾ ਮਿਲਦੇ ਹੀ ਮੁਹਾਨਾ ਥਾਣੇ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ‘ਚ ਲਿਆ। ਹਾਦਸੇ ਵਿੱਚ ਸ਼ਾਮਲ ਆਡੀ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਕਾਰ ਦਾ ਰਜਿਸਟ੍ਰੇਸ਼ਨ ਨੰਬਰ ਦਮਨ ਅਤੇ ਦੀਵ ਦਾ ਹੈ। ਹਾਦਸੇ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਜ਼ਖ਼ਮੀਆਂ ਦਾ ਵੱਖ-ਵੱਖ ਹਸਪਤਾਲਾਂ ‘ਚ ਇਲਾਜ
ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਤੁਰੰਤ ਜੈਪੁਰੀਆ ਹਸਪਤਾਲ ਲਿਜਾਇਆ ਗਿਆ। ਇੱਥੇ ਅੱਠ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ, ਜਦਕਿ ਚਾਰ ਜ਼ਖ਼ਮੀਆਂ ਨੂੰ ਉਨ੍ਹਾਂ ਦੇ ਪਰਿਵਾਰ ਨਿੱਜੀ ਹਸਪਤਾਲਾਂ ਵਿੱਚ ਲੈ ਗਏ। ਚਾਰ ਹੋਰ ਲੋਕਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਗੰਭੀਰ ਜ਼ਖ਼ਮੀਆਂ ਨੂੰ ਐਸਐਮਐਸ ਅਤੇ ਜੈਪੁਰੀਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ‘ਚੋਂ ਤਿੰਨ ਤੋਂ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਲਾਕੇ ‘ਚ ਦਹਿਸ਼ਤ, ਸੁਰੱਖਿਆ ‘ਤੇ ਸਵਾਲ
ਇਸ ਹਾਦਸੇ ਤੋਂ ਬਾਅਦ ਪੱਤਰਕਾਰ ਕਲੋਨੀ ਅਤੇ ਨੇੜਲੇ ਇਲਾਕਿਆਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹ ਡਰਾਈਵਿੰਗ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

