ਜਲੰਧਰ :-:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਸੰਯੋਜਕ ਅਰਵਿੰਦ ਕੇਜਰੀਵਾਲ ਅੱਜ ਅਤੇ ਕੱਲ੍ਹ ਦੋ ਦਿਨਾਂ ਦੇ ਦੌਰੇ ‘ਤੇ ਜਲੰਧਰ ਪਹੁੰਚ ਰਹੇ ਹਨ। ਦੌਰੇ ਦੌਰਾਨ ਸ਼ਹਿਰ ਵਿੱਚ ਵਿਕਾਸ ਕਾਰਜਾਂ ਨਾਲ ਜੁੜੇ ਕਈ ਪ੍ਰੋਗਰਾਮਾਂ ਅਤੇ ਨਗਰ ਨਿਗਮ ਦੇ ਸਮਾਗਮਾਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦੀ ਸੰਭਾਵਨਾ ਹੈ।
ਪ੍ਰਾਜੈਕਟਾਂ ਬਾਰੇ ਵੇਰਵੇ ਅਜੇ ਗੁਪਤ:
ਸਰਕਾਰੀ ਸੂਤਰਾਂ ਅਨੁਸਾਰ ਦੌਰੇ ਦੌਰਾਨ ਕੁਝ ਯੋਜਨਾਵਾਂ ਦੇ ਉਦਘਾਟਨ ਕੀਤੇ ਜਾਣ ਦੀ ਤਿਆਰੀ ਹੈ, ਪਰ ਇਹ ਹਾਲੇ ਸਪੱਸ਼ਟ ਨਹੀਂ ਹੋਇਆ ਕਿ ਕਿਹੜੇ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ ਜਾਂ ਜਨਤਕ ਇਕੱਠ ਕਿਹੜੀਆਂ ਥਾਵਾਂ ‘ਤੇ ਹੋਣਗੇ।
ਨਗਰ ਨਿਗਮ ਦੀ ਤਿਆਰੀ, ਛੁੱਟੀਆਂ ਰੱਦ:
ਮੁੱਖ ਮੰਤਰੀ ਦੇ ਦੌਰੇ ਨੂੰ ਧਿਆਨ ਵਿੱਚ ਰੱਖਦਿਆਂ ਜਲੰਧਰ ਨਗਰ ਨਿਗਮ ਵੱਲੋਂ ਕਰਮਚਾਰੀਆਂ ਲਈ ਵਿਸ਼ੇਸ਼ ਹੁਕਮ ਜਾਰੀ ਕੀਤੇ ਗਏ ਹਨ। ਸਰਕੂਲਰ ਅਨੁਸਾਰ ਦੋਵੇਂ ਦਿਨ ਨਗਰ ਨਿਗਮ ਦੇ ਸਾਰੇ ਅਧਿਕਾਰੀ ਤੇ ਕਰਮਚਾਰੀ ਆਪਣਾ ਸਟੇਸ਼ਨ ਨਹੀਂ ਛੱਡਣਗੇ ਅਤੇ ਪ੍ਰਸ਼ਾਸਕੀ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣਗੇ।

ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ:
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਦੌਰੇ ਦੌਰਾਨ ਹਰ ਵਿਭਾਗ ਪੂਰੀ ਤਰ੍ਹਾਂ ਅਲਰਟ ਰਹੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਪੈਦਾ ਹੋਵੇ।
ਦੋ ਦਿਨਾਂ ‘ਚ ਦੂਜਾ ਦੌਰਾ:
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਇਹ ਜਲੰਧਰ ਦਾ ਦੋ ਦਿਨਾਂ ਅੰਦਰ ਦੂਜਾ ਦੌਰਾ ਹੈ। ਇਸ ਤੋਂ ਪਹਿਲਾਂ 8 ਜਨਵਰੀ ਨੂੰ ਦੋਵਾਂ ਨੇ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਚਰਨ ਦੀ ਸ਼ੁਰੂਆਤ ਕੀਤੀ ਸੀ ਅਤੇ ਲਵਲੀ ਯੂਨੀਵਰਸਿਟੀ ‘ਚ ਪੰਜਾਬ ਭਰ ‘ਚ ਕੀਤੀ ਗਈ ਕਾਰਵਾਈ ਬਾਰੇ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ।

