ਅੰਮ੍ਰਿਤਸਰ :- ਅੰਮ੍ਰਿਤਸਰ ਦੇ ਨਿਊ ਫਲਾਵਰ ਸਕੂਲ ਨੇੜੇ ਸ਼ੁੱਕਰਵਾਰ ਸਵੇਰੇ ਦਿਨ ਦਿਹਾੜੇ ਵੱਡੀ ਵਾਰਦਾਤ ਵਾਪਰੀ, ਜਿੱਥੇ ਇਕ ਜਵੈਲਰ ‘ਤੇ ਘਾਤ ਲਗਾ ਕੇ ਹਮਲਾ ਕਰਕੇ ਸੋਨੇ ਦੀ ਵੱਡੀ ਮਾਤਰਾ ਲੁੱਟ ਲਈ ਗਈ। ਹਮਲੇ ‘ਚ ਜਵੈਲਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ।
425 ਗ੍ਰਾਮ ਸੋਨਾ ਨਾਲ ਜਾ ਰਿਹਾ ਸੀ ਜਵੈਲਰ
ਜ਼ਖ਼ਮੀ ਵਿਅਕਤੀ ਦੀ ਪਛਾਣ ਮੁਖਤਿਆਰ ਸਿੰਘ ਵਜੋਂ ਹੋਈ ਹੈ, ਜੋ ਸੁਲਤਾਨਵਿੰਡ ਰੋਡ ਇਲਾਕੇ ਵਿੱਚ ਜਵੈਲਰੀ ਸ਼ੋਰੂਮ ਚਲਾਉਂਦਾ ਹੈ। ਪੁਲਿਸ ਸੂਤਰਾਂ ਅਨੁਸਾਰ ਉਸ ਕੋਲ ਲਗਭਗ 425 ਗ੍ਰਾਮ ਸੋਨਾ ਸੀ, ਜੋ ਉਹ ਇੱਕ ਗਾਹਕ ਤੱਕ ਪਹੁੰਚਾਉਣ ਲਈ ਘਰੋਂ ਨਿਕਲਿਆ ਸੀ।
ਕਾਰ ਨਾਲ ਟੱਕਰ ਮਾਰ ਕੇ ਰੋਕਿਆ ਰਸਤਾ
ਜਾਣਕਾਰੀ ਮੁਤਾਬਕ ਅੱਜ ਜਦੋਂ ਮੁਖਤਿਆਰ ਸਿੰਘ ਮੋਟਰਸਾਈਕਲ ‘ਤੇ ਜਾ ਰਿਹਾ ਸੀ, ਤਦ ਇੱਕ ਕਾਲੀ ਕਾਰ ਨੇ ਜਾਣਬੁੱਝ ਕੇ ਉਸਨੂੰ ਟੱਕਰ ਮਾਰ ਕੇ ਡਿਗਾ ਦਿੱਤਾ। ਇਸ ਤੋਂ ਬਾਅਦ ਹਮਲਾਵਰਾਂ ਨੇ ਉਸਨੂੰ ਘੇਰ ਲਿਆ।
ਤਲਵਾਰਾਂ ਨਾਲ ਹਮਲਾ, ਸੋਨਾ ਲੈ ਕੇ ਫ਼ਰਾਰ
ਪ੍ਰਾਰੰਭਿਕ ਜਾਂਚ ‘ਚ ਸਾਹਮਣੇ ਆਇਆ ਹੈ ਕਿ 8 ਤੋਂ 10 ਹਮਲਾਵਰ ਤਿੱਖੇ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਨੇ ਜਵੈਲਰ ‘ਤੇ ਬੇਰਹਿਮੀ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਸੋਨਾ ਲੈਕੇ ਭੱਜ ਨਿਕਲੇ।
ਹਸਪਤਾਲ ‘ਚ ਦਾਖ਼ਲ, ਹਾਲਤ ਸਥਿਰ
ਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਦੇ ਲੋਕਾਂ ਨੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਜ਼ਖ਼ਮੀ ਮੁਖਤਿਆਰ ਸਿੰਘ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਮੁਤਾਬਕ ਉਸਦੀ ਹਾਲਤ ਇਸ ਸਮੇਂ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਪਰਿਵਾਰ ਨੇ ਗੈਂਗਸਟਰਾਂ ਵੱਲੋਂ ਧਮਕੀਆਂ ਦਾ ਲਗਾਇਆ ਦੋਸ਼
ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਕਥਿਤ ਗੈਂਗਸਟਰਾਂ ਵੱਲੋਂ ਫ਼ਿਰੌਤੀ ਸੰਬੰਧੀ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਅਨੁਸਾਰ ਪੈਸੇ ਨਾ ਦੇਣ ਦੀ ਸੂਰਤ ‘ਚ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਗਈ ਸੀ ਅਤੇ ਇਹ ਹਮਲਾ ਉਸੇ ਕੜੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਪੁਲਿਸ ਜਾਂਚ ‘ਚ ਜੁੱਟੀ, ਬਿਆਨ ਦਰਜ
ਵਧੀਕ ਡਿਪਟੀ ਕਮਿਸ਼ਨਰ ਪੁਲਿਸ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਦਾ ਬਿਆਨ ਦਰਜ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਹਰ ਪੱਖੋਂ ਜਾਂਚ ਚੱਲ ਰਹੀ ਹੈ। ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।

