ਚੰਡੀਗੜ੍ਹ :- ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਬੰਬ ਧਮਕੀਆਂ ਦੀ ਲੜੀ ਰੁਕਣ ਦਾ ਨਾਮ ਨਹੀਂ ਲੈ ਰਹੀ। ਵੀਰਵਾਰ ਨੂੰ ਮੋਹਾਲੀ ਜ਼ਿਲ੍ਹਾ ਅਦਾਲਤੀ ਕੰਪਲੈਕਸ ਨੂੰ ਮਿਲੀ ਧਮਕੀ ਤੋਂ ਬਾਅਦ ਅੱਜ ਖਰੜ ਤਹਿਸੀਲ ਕੰਪਲੈਕਸ ਨੂੰ ਵੀ ਇਕ ਧਮਕੀ ਭਰੀ ਈ-ਮੇਲ ਪ੍ਰਾਪਤ ਹੋਈ, ਜਿਸ ਵਿੱਚ ਤਹਿਸੀਲ ਨੂੰ ਬੰਬ ਨਾਲ ਉਡਾਉਣ ਦੀ ਗੱਲ ਕਹੀ ਗਈ। ਈ-ਮੇਲ ਮਿਲਦਿਆਂ ਹੀ ਪ੍ਰਸ਼ਾਸਨ ਨੇ ਕੋਈ ਜੋਖਮ ਨਾ ਲੈਂਦੇ ਹੋਏ ਪੂਰੇ ਕੰਪਲੈਕਸ ਨੂੰ ਤੁਰੰਤ ਖਾਲੀ ਕਰਵਾ ਦਿੱਤਾ।
ਬੰਬ ਨਿਰੋਧਕ ਦਸਤਿਆਂ ਦੀ ਤਾਇਨਾਤੀ, ਕੋਨੇ-ਕੋਨੇ ਦੀ ਜਾਂਚ
ਧਮਕੀ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਬੰਬ ਨਿਰੋਧਕ ਦਸਤਿਆਂ ਨੇ ਮੌਕੇ ’ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ। ਤਹਿਸੀਲ ਭਵਨ ਦੇ ਅੰਦਰ ਅਤੇ ਆਲੇ-ਦੁਆਲੇ ਹਰ ਇਕ ਸਥਾਨ ਦੀ ਗਹਿਰੀ ਤਲਾਸ਼ੀ ਲਈ ਗਈ। ਸੁਰੱਖਿਆ ਦੇ ਮੱਦੇਨਜ਼ਰ ਆਵਾਜਾਈ ’ਤੇ ਵੀ ਅਸਥਾਈ ਰੋਕ ਲਗਾਈ ਗਈ, ਜਿਸ ਕਾਰਨ ਇਲਾਕੇ ’ਚ ਕੁਝ ਸਮੇਂ ਲਈ ਤਣਾਅ ਦਾ ਮਾਹੌਲ ਬਣਿਆ ਰਿਹਾ।
ਪਿਛਲੇ ਦਿਨਾਂ ਦੀਆਂ ਧਮਕੀਆਂ ਨਾਲ ਜੁੜਦਾ ਨਜ਼ਰ ਆ ਰਿਹਾ ਹੈ ਮਾਮਲਾ
ਜ਼ਿਕਰਯੋਗ ਹੈ ਕਿ ਬੀਤੇ ਦਿਨਾਂ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਦਾਲਤਾਂ ਅਤੇ ਤਹਿਸੀਲ ਕੰਪਲੈਕਸਾਂ ਨੂੰ ਇਸੇ ਤਰ੍ਹਾਂ ਦੀਆਂ ਧਮਕੀ ਭਰੀਆਂ ਈ-ਮੇਲਾਂ ਮਿਲ ਚੁੱਕੀਆਂ ਹਨ। ਫਿਰੋਜ਼ਪੁਰ, ਮੋਗਾ, ਰੂਪਨਗਰ, ਲੁਧਿਆਣਾ, ਫਰੀਦਕੋਟ, ਸ੍ਰੀ ਅਨੰਦਪੁਰ ਸਾਹਿਬ ਅਤੇ ਮੋਹਾਲੀ ਵਰਗੇ ਜ਼ਿਲ੍ਹੇ ਪਹਿਲਾਂ ਹੀ ਅਜਿਹੀਆਂ ਧਮਕੀਆਂ ਦਾ ਸਾਹਮਣਾ ਕਰ ਚੁੱਕੇ ਹਨ।
ਸਰੋਤ ਦੀ ਪਛਾਣ ਲਈ ਜਾਂਚ ਤੇਜ਼, ਲੋਕਾਂ ਨੂੰ ਸਬਰ ਦੀ ਅਪੀਲ
ਪੁਲਸ ਅਧਿਕਾਰੀਆਂ ਅਨੁਸਾਰ ਧਮਕੀ ਭਰੀ ਈ-ਮੇਲ ਦੇ ਭੇਜਣ ਵਾਲੇ ਦੀ ਪਛਾਣ ਲਈ ਸਾਈਬਰ ਟੀਮਾਂ ਨੂੰ ਵੀ ਜਾਂਚ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਸੁਰੱਖਿਆ ਏਜੰਸੀਆਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।

